ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਵਿਚ ਇਕ ਵੱਡੀ ਰੈਲੀ ਕਰ ਕੇ ਅਮਰੀਕੀ ਰਾਸ਼ਟਰਪਤੀ ਵੱਜੋਂ ਮੁੜ ਚੋਣ ਲਈ ਆਪਣੀ ਮੁਹਿੰਮ ਦਾ ਰਸਮੀ ਤੌਰ ’ਤੇ ਆਗਾਜ਼ ਕਰ ਦਿੱਤਾ ਹੈ। 2020 ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਟਰੰਪ ਨੇ ਸਮਰਥਕਾਂ ਨੂੰ ‘ਕੀਪ ਅਮੈਰਿਕਾ ਗਰੇਟ’ (ਅਮਰੀਕਾ ਨੂੰ ਮਹਾਨ ਬਣਾਈ ਰੱਖੋ) ਦਾ ਨਾਅਰਾ ਦਿੱਤਾ ਹੈ। ਟਰੰਪ ਨੇ ਹਮਾਇਤੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਚਾਰ ਵਰ੍ਹੇ ਹੋਰ ਮੌਕਾ ਦਿੱਤਾ ਜਾਵੇ ਤਾਂ ਕਿ ਸੁਫ਼ਨੇ ਸਾਕਾਰ ਕੀਤੇ ਜਾ ਸਕਣ। ਰੀਅਲ ਅਸਟੇਟ ਕਾਰੋਬਾਰੀ ਤੋਂ ਸਿਆਸਤਦਾਨ ਬਣੇ ਟਰੰਪ (73) ਜੋ ਕਿ 2017 ਵਿਚ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਸਨ, ਨੇ ਓਰਲੈਂਡੋ ਵਿਚ 20,000 ਲੋਕਾਂ ਦੇ ਇਕੱਠ ਨੂੰ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਅਮਰੀਕਾ ਦੀ ਆਰਥਿਕਤਾ ‘ਦੁਨੀਆ ਲਈ ਈਰਖਾ ਦਾ ਕਾਰਨ ਬਣੀ ਹੈ’। ਟਰੰਪ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਜਿੱਤ ਅਮਰੀਕੀ ਇਤਿਹਾਸ ਵਿਚ ਫ਼ੈਸਲਾਕੁੰਨ ਮੋੜ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਨੀਤੀ ਵਿਚ ਹੁਣ ਵੀ ਅਮਰੀਕਾ ਦੇ ਹਿੱਤਾਂ ਨੂੰ ਹੀ ਸਿਖ਼ਰ ਉੱਤੇ ਰੱਖਣਗੇ। ਇਹ ਕਹਿ ਕੇ ਉਨ੍ਹਾਂ ਸਖ਼ਤ ਇਮੀਗ੍ਰੇਸ਼ਨ ਨੀਤੀ ਤੇ ਰੱਖਿਆ ਬਜਟ ਵਿਚ ਵਾਧੇ ਵੱਲ ਸੰਕੇਤ ਕੀਤਾ। ਟਰੰਪ ਨੇ ਕਿਹਾ ਕਿ ਦੇਸ਼ ਨੂੰ ਬਸ ਇਕ ਹੀ ਖ਼ਤਰਾ ਹੈ ਕਿ ਕਿਤੇ ਉਨ੍ਹਾਂ ਨੂੰ ਹਰਾ ਨਾ ਦਿੱਤਾ ਜਾਵੇ। ਅਮਰੀਕੀ ਰਾਸ਼ਟਰਪਤੀ ਨੇ ਇਸ ਮੌਕੇ 79 ਮਿੰਟ ਭਾਸ਼ਨ ਦਿੱਤਾ ਤੇ ਚੋਣ ਜਿੱਤਣ ਦਾ ਭਰੋਸਾ ਜਿਤਾਇਆ। ਉਨ੍ਹਾਂ ਪਿਛਲੀਆਂ ਚੋਣਾਂ ਵਿਚ ‘ਮੇਕ ਅਮੈਰਿਕਾ ਗਰੇਟ ਅਗੇਨ’ ਦਾ ਨਾਅਰਾ ਦਿੱਤਾ ਸੀ। ਇਸ ਮੌਕੇ ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਟਰੰਪ ਦੀ ਪਤਨੀ ਮੇਲਾਨੀਆ ਵੀ ਹਾਜ਼ਰ ਸਨ।
World ਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼