ਦਿੱਲੀ ਪੁਲੀਸ ਵੱਲੋਂ ਦੋਹਾਂ ਧਿਰਾਂ ਖ਼ਿਲਾਫ਼ ਕੇਸ ਦਰਜ

ਸਿੱਖ ਆਟੋ ਚਾਲਕ ਦੀ ਕੁੱਟਮਾਰ

ਜਾਂਚ ਅਪਰਾਧ ਸ਼ਾਖਾ ਨੂੰ ਸੌਂਪੀ; ਡੀਸੀਪੀ ਉੱਤਰ-ਪੱਛਮੀ ਨੇ ਮਾਮਲੇ ਦੀ ਵੱਖਰੀ ਜਾਂਚ ਆਰੰਭੀ

ਮੁਖਰਜੀ ਨਗਰ ਵਿੱਚ ਗ੍ਰਾਮੀਣ ਆਟੋ ਚਾਲਕ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਦਿੱਲੀ ਪੁਲੀਸ ਨੇ ਆਟੋ ਚਾਲਕ ਤੇ ਦਿੱਲੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਮਾਨਾਂਤਰ ਮਾਮਲੇ ਦਰਜ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਸੇ ਦੌਰਾਨ ਦੇਰ ਰਾਤ ਦਿੱਲੀ ਦੇ ਸੈਂਕੜੇ ਸਿੱਖਾਂ ਨੇ ਮੁਖਰਜੀ ਨਗਰ ਥਾਣੇ ਦਾ ਘਿਰਾਓ ਕਰ ਦਿੱਤਾ। ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਸ਼ਖਸੀਅਤਾਂ ਵੀ ਮੌਕੇ ’ਤੇ ਪੁੱਜ ਗਈਆਂ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਿਨ ਵੇਲੇ ਹੀ ਇਲਾਕੇ ਵਿੱਚ ਨੀਮ ਫੌਜੀ ਬਲ ਤਾਇਨਾਤ ਕਰ ਦਿੱਤੇ ਗਏ ਸਨ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਮੁਖਰਜੀ ਨਗਰ ਥਾਣੇ ਨੇੜੇ ਸਰਬਜੀਤ ਸਿੰਘ ਤੇ ਕਰੀਬ ਦਰਜਨ ਪੁਲੀਸ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪ ਹੋਈ ਸੀ। ਦਿੱਲੀ ਪੁਲੀਸ ਦੇ ਡੀਸੀਪੀ ਮਧੁਰ ਵਰਮਾ ਨੇ ਦੱਸਿਆ ਕਿ ਪਹਿਲੀ ਐਫਆਈਆਰ ਆਟੋ ਚਾਲਕ ਸਰਬਜੀਤ ਸਿੰਘ ਖ਼ਿਲਾਫ਼ ਦਰਜ ਕੀਤੀ ਗਈ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਟੋ ਚਾਲਕ ਤੇ ਜ਼ਖ਼ਮੀ ਪੁਲੀਸ ਵਾਲਿਆਂ ਦੀਆਂ ਡਾਕਟਰੀ ਰਿਪਰੋਟਾਂ ਆਉਣ ’ਤੇ ਕੇਸਾਂ ਵਿੱਚ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਆਟੋ ਚਾਲਕ ਦੇ ਨਾਬਾਲਗ ਪੁੱਤਰ ਖ਼ਿਲਾਫ਼ ਵੀ ਕੇਸ ਦਰਜ ਹੋ ਸਕਦਾ ਹੈ। ਸਰਬਜੀਤ ਸਿੰਘ ਨੇ ਜਾਨੋਂ ਮਾਰਨ ਦੀ ਧਮਕੀ, ਸੱਟਾਂ ਮਾਰਨ ਤੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਕੀਤੀ ਹੈ। ਆਟੋ ਚਾਲਕ ਦੇ ਨਾਬਾਲਗ ਪੁੱਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਪੁਲੀਸ ਦਾ ਘੇਰਾ ਤੋੜਨ ਲਈ ਆਟੋ ਪੁਲੀਸ ਵਾਲਿਆਂ ਵਿੱਚ ਮਾਰਿਆ, ਜਿਸ ਤੋਂ ਘੇਰਾ ਟੁੱਟਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵਾਲੇ ਨੇ ਪਹਿਲਾਂ ਉਸ ਨੂੰ ਅਸ਼ਬਦ ਬੋਲੇ, ਜਿਸ ਤੋਂ ਬਾਅਦ ਉਸ ਨੇ ਆਪਣੇ ਬਚਾਓ ਦੀ ਕੋਸ਼ਿਸ਼ ਕੀਤੀ।

ਡੀਸੀਪੀ ਨੇ ਦੱਸਿਆ ਕਿ ਗ੍ਰਾਮੀਣ ਆਟੋ ਚਾਲਕ ਦਾ ਟੈਂਪੂ ਪੁਲੀਸ ਦੀ ਗੱਡੀ ਨਾਲ ਟਕਰਾ ਗਿਆ ਸੀ। ਇਸ ਪਿੱਛੋਂ ਤਕਰਾਰ ਵਧੀ ਤੇ ਇਸੇ ਦੌਰਾਨ ਚਾਲਕ ਨੇ ਤਲਵਾਰ ਕੱਢ ਲਈ, ਜਿਸ ਪਿੱਛੋਂ ਘਟਨਾ ਨੇ ਖੂਨੀ ਝੜਪ ਦਾ ਰੂਪ ਲੈ ਲਿਆ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਮਗਰੋਂ ਮੁਖਰਜੀ ਨਗਰ ਥਾਣੇ ‘ਚ ਤਾਇਨਾਤ ਏਐਸਆਈ ਸੰਜੇ ਮਲਿਕ, ਏਐਸਆਈ ਦਵਿੰਦਰ ਤੇ ਸਿਪਾਹੀ ਪੁਸ਼ਪਿੰਦਰ ਨੂੰ ਮਾੜੇ ਵਰਤਾਓ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਡੀਸੀਪੀ ਉੱਤਰੀ-ਪੱਛਮੀ ਜ਼ਿਲ੍ਹਾ ਵਿਜੇਤਾ ਸਿੰਘ ਨੇ ਵੱਖਰੀ ਜਾਂਚ ਸ਼ੁਰੂ ਕਰਵਾਈ ਹੈ ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ ਤੇ ਸਹਾਇਕ ਪੁਲੀਸ ਕਮਿਸ਼ਨਰ ਦੇਖਣਗੇ।

Previous articleਵਿਰੋਧੀ ਧਿਰ ਦਾ ਹਰ ਬੋਲ ਕੀਮਤੀ: ਮੋਦੀ
Next articleਮਮਤਾ ਨਾਲ ਮੀਟਿੰਗ ਮਗਰੋਂ ਡਾਕਟਰਾਂ ਦੀ ਹੜਤਾਲ ਖ਼ਤਮ