ਵਾਰਾਨਸੀ ਲੋਕ ਸਭਾ ਹਲਕੇ ਵਿੱਚ ਵੋਟਰਾਂ ਦਾ ਧੰਨਵਾਦ ਕੀਤਾ
ਮਨੋਨੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਦੇਸ਼ ਭਰ ਵਿੱਚ ਹੋਈ ਜਿੱਤ ਨੇ ਇਸ ‘ਗਲਤ ਧਾਰਨਾ’ ਨੂੰ ਨਕਾਰ ਦਿੱਤਾ ਹੈ ਕਿ ਭਾਜਪਾ ਹਿੰਦੀ ਭਾਸ਼ਾਈ ਸੂਬਿਆਂ ਵਾਲੀ ਪਾਰਟੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਵਾਰ ਅੰਕ ਗਣਿਤ ’ਤੇ ਕੈਮਿਸਟਰੀ ਭਾਰੂ ਪਈ ਹੈ।
ਪ੍ਰਧਾਨ ਮੰਤਰੀ ਨੇ ਇੱਥੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ, ‘‘ਸਿਆਸੀ ਪੰਡਿਤਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀ ਸੋਚ ਅਤੇ ਤਰਕ 20ਵੀਂ ਸਦੀ ਲਈ ਨਹੀਂ ਹਨ। ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਅੰਕੜਿਆਂ ਦੇ ਗਣਿਤ ਤੋਂ ਉੱਪਰ ਆਪਸੀ ਤਾਲਮੇਲ (ਕੈਮਿਸਟਰੀ) ਹੈ ਅਤੇ ਇਸ ਵਾਰ ਕੈਮਿਸਟਰੀ ਦੀ ਅੰਕ ਗਣਿਤ ਉੱਪਰ ਜਿੱਤ ਹੋਈ ਹੈ।’’
ਉਨ੍ਹਾਂ ਵਾਰਾਨਸੀ ਦੇ ਵੋਟਰਾਂ ਨੂੰ ਕਿਹਾ, ‘‘ਮੈਂ ਦੇਸ਼ ਲਈ ਪ੍ਰਧਾਨ ਮੰਤਰੀ ਹਾਂ, ਪਰ ਤੁਹਾਡੇ ਲਈ ਮੈਂ ਤੁਹਾਡਾ ਸੰਸਦ ਮੈਂਬਰ ਹਾਂ, ਮੈਂ ਤੁਹਾਡਾ ਸੇਵਕ ਹਾਂ,’’ ਉਨ੍ਹਾਂ ਅੱਗੇ ਕਿਹਾ, ‘‘ਅਜਿਹਾ ਕੋਈ ਖੇਤਰ ਨਹੀਂ ਜਿੱਥੇ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਨਹੀਂ ਵਧੀ। ਸਾਡੀ ਅਸਾਮ ਵਿੱਚ ਸਰਕਾਰ ਹੈ, ਸਾਡੀ ਲੱਦਾਖ਼ ਵਿੱਚ ਜਿੱਤ ਹੋਈ ਹੈ ਫਿਰ ਵੀ ਸਿਆਸੀ ਪੰਡਿਤ ਕਹਿੰਦੇ ਹਨ ਕਿ ਸਾਡੀ ਹਿੰਦੀ ਭਾਸ਼ਾਈ ਸੂਬਿਆਂ ਵਾਲੀ ਪਾਰਟੀ ਹੈ, ਇਹ ਗਲਤ ਧਾਰਨਾ ਹੈ ਜੋ ਪੈਦਾ ਕੀਤੀ ਗਈ ਹੈ।’’
ਮੋਦੀ ਨੇ ਮੰਨਿਆ ਕਿ ਸਿਆਸਤ ਧਾਰਨਾਵਾਂ ’ਤੇ ਆਧਾਰਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਝੂਠ ਅਤੇ ਗਲਤ ਤਰਕ ਰਾਹੀਂ ਉਨ੍ਹਾਂ ਦੀ ਪਾਰਟੀ ਬਾਰੇ ਗਲਤ ਪ੍ਰਭਾਵ ਪੈਦਾ ਕੀਤਾ ਗਿਆ ਹੈ ਪਰ ਮਿਹਨਤ ਅਤੇ ਪਾਰਦਰਸ਼ਤਾ ਨਾਲ ਅਜਿਹੀਆਂ ਗਲਤ ਧਾਰਨਾਵਾਂ ਫੈਲਾਉਣ ਵਾਲੇ ਲੋਕਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ।