ਲੋਕ ਸਭਾ ਚੋਣਾਂ ਦੌਰਾਨ ਆਪੋ ਆਪਣੇ ਅਸੈਂਬਲੀ ਹਲਕਿਆਂ ’ਚ ਮਾੜੀ ਕਾਰਗੁਜ਼ਾਰੀ ਵਿਖਾਉਣ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਖਿਲਾਫ਼ ਕਾਰਵਾਈ ਦਾ ਡਰ ਸਤਾਉਣ ਲੱਗਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਮਹੀਨਾ ਪਹਿਲਾਂ ਕੀਤੇ ਹੁਕਮਾਂ ਵਿੱਚ ਮਾੜੀ ਕਾਰਗੁਜ਼ਾਰੀ ਵਾਲੇ ਵਿਧਾਇਕਾਂ ਨੂੰ ਕਾਰਵਾਈ ਲਈ ਤਿਆਰ ਰਹਿਣ ਵਾਸਤੇ ਕਿਹਾ ਸੀ। ਪੰਜਾਬ ਕਾਂਗਰਸ ਨੇ ਹਾਲਾਂਕਿ ਐਤਕੀਂ ਦੇਸ਼ ਵਿੱਚ ਮੋਦੀ ਲਹਿਰ ਦੇ ਉਲਟ 13 ਸੰਸਦੀ ਸੀਟਾਂ ’ਚੋਂ ਅੱਠ ’ਤੇ ਜਿੱਤ ਦਰਜ ਕਰਦਿਆਂ ਪੰਜ ਸਾਲ ਪਹਿਲਾਂ ਦੀ ਕਾਰਗੁਜ਼ਾਰੀ ’ਚ ਸੁਧਾਰ ਕੀਤਾ ਹੈ, ਪਰ ਇਸ ਸਫ਼ਲਤਾ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰ ਬੱਝ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਦਿੱਲੀ ਜਾ ਰਹੇ ਹਨ। ਉਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸ਼ਹਿਰਾਂ ਦੇ ਵਿਕਾਸ ਕੰਮ ਠੀਕ ਢੰਗ ਨਾਲ ਨਾ ਹੋਣ ਸਬੰਧੀ ਰਿਪੋਰਟ ਆਪਣੇ ਨਾਲ ਲੈ ਕੇ ਜਾ ਰਹੇ ਹਨ। ਇਸ ਮਾਮਲੇ ਬਾਰੇ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਚਰਚਾ ਕਰਨਗੇ ਤੇ ਹਾਲ ਦੀ ਘੜੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਵਿਭਾਗ ਬਦਲਣ ’ਤੇ ਜ਼ੋਰ ਦੇਣਗੇ। ਉਧਰ ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਕਾਫੀ ਨੇੜਤਾ ਹੈ, ਲਿਹਾਜ਼ਾ ਇਸ ਮਾਮਲੇ ਵਿੱਚ ਬਹੁਤਾ ਕੁਝ ਨਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਜਿਹੜੇ ਮੰਤਰੀਆਂ ਦੇ ਅਸੈਂਬਲੀ ਹਲਕਿਆਂ ਵਿੱਚੋਂ ਕਾਂਗਰਸ ਨੂੰ ਹਾਰ ਹੋਈ ਹੈ, ਉਸ ਦਾ ਮਾਮਲਾ ਵੀ ਕਾਂਗਰਸ ਪ੍ਰਧਾਨ ਨਾਲ ਉਠਾਏ ਜਾਣ ਦੀ ਸੰਭਾਵਨਾ ਹੈ। ਲੋਕ ਸਭਾ ਚੋਣਾਂ ਵਿਚ ਮਿਲੀ ਲੱਕ ਤੋੜਵੀਂ ਹਾਰ ਮਗਰੋਂ ਕਾਂਗਰਸ ਦੀ ਇਸ ਪਲੇਠੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਹਾਰ ਦੇ ਕਾਰਨਾਂ ਬਾਰੇ ਮੰਥਨ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਦੇ ਮਾਮਲਿਆਂ ’ਤੇ ਬਹੁਤੀ ਚਰਚਾ ਹੋਣ ਦੇ ਆਸਾਰ ਮੱਧਮ ਹਨ।
INDIA ਮਾੜੀ ਕਾਰਗੁਜ਼ਾਰੀ: ਵਿਧਾਇਕਾਂ ’ਤੇ ਲਟਕੀ ਕਾਰਵਾਈ ਦੀ ਤਲਵਾਰ