ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਗੋਲ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਦੂਜੇ ਮੈਚ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤੀ ਮਹਿਲਾ ਟੀਮ ਨੇ ਲੜੀ ਦੇ ਪਹਿਲੇ ਮੈਚ ਵਿੱਚ ਵੀ ਕੋਰੀਆ ਖ਼ਿਲਾਫ਼ ਇਸੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਦੋਵਾਂ ਟੀਮਾਂ ਵਿਚਾਲੇ ਤੀਜਾ ਅਤੇ ਆਖ਼ਰੀ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਦੂਜੇ ਮੈਚ ਵਿੱਚ ਭਾਰਤੀ ਟੀਮ ਵੱਲੋਂ ਕਪਤਾਨ ਰਾਣੀ ਰਾਮਪਾਲ (37ਵੇਂ ਮਿੰਟ) ਅਤੇ ਨਵਜੋਤ ਕੌਰ (50ਵੇਂ ਮਿੰਟ) ਨੇ ਗੋਲ ਦਾਗ਼ੇ, ਜਦਕਿ ਇਸ ਤੋਂ ਪਹਿਲਾਂ ਕੋਰੀਆ ਨੇ 19ਵੇਂ ਮਿੰਟ ਵਿੱਚ ਲੀ ਸਯੂੰਗਜੂ ਦੇ ਮੈਦਾਨੀ ਗੋਲ ਦੀ ਬਦੌਲਤ ਲੀਡ ਬਣਾਈ ਸੀ। ਦੋਵਾਂ ਟੀਮਾਂ ਨੇ ਮੈਚ ਦੀ ਤੇਜ਼ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਵਿੱਚ ਦੋਵਾਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ, ਪਰ ਭਾਰਤ ਅਤੇ ਕੋਰੀਆ ਦੇ ਗੋਲਕੀਪਰਾਂ ਨੇ ਆਪੋ-ਆਪਣੀਆਂ ਟੀਮਾਂ ਲਈ ਗੋਲਾਂ ਤੋਂ ਬਚਾਅ ਕੀਤੇ। ਦੂਜੇ ਕੁਆਰਟਰ ਦੇ ਚੌਥੇ ਮਿੰਟ ਵਿੱਚ ਕੋਰੀਆ ਨੇ ਸਯੁੰਗਜੂ ਦੇ ਗੋਲ ਦੀ ਬਦੌਲਤ ਲੀਡ ਬਣਾਈ। ਮੇਜ਼ਬਾਨ ਟੀਮ ਅੱਧ ਤੱਕ 1-0 ਨਾਲ ਅੱਗੇ ਸੀ। ਦੂਜੇ ਅੱਧ ਵਿੱਚ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ 37ਵੇਂ ਮਿੰਟ ਵਿੱਚ ਰਾਣੀ ਦੇ ਸ਼ਾਨਦਾਰ ਮੈਦਾਨੀ ਗੋਲ ਦੀ ਬਦੌਲਤ ਬਰਾਬਰੀ ਹਾਸਲ ਕੀਤੀ। ਭਾਰਤ ਨੇ ਕੋਰੀਆ ’ਤੇ ਦਬਾਅ ਬਣਾਈ ਰੱਖਿਆ ਅਤੇ 50ਵੇਂ ਮਿੰਟ ਵਿੱਚ ਨਵਜੋਤ ਦੇ ਗੋਲ ਦੀ ਮਦਦ ਨਾਲ 2-1 ਦੀ ਲੀਡ ਬਣਾਈ, ਜੋ ਫ਼ੈਸਲਾਕੁਨ ਸਾਬਤ ਹੋਈ।ਭਾਰਤ ਦੇ ਮੁੱਖ ਕੋਚ ਸਯੋਰਡ ਮਾਰਿਨ ਨੇ ਮੈਚ ਮਗਰੋਂ ਕਿਹਾ, ‘‘ਸਾਡਾ ਪ੍ਰਦਰਸ਼ਨ ਪਹਿਲੇ ਮੈਚ ਦੇ ਮੁਕਾਬਲੇ ਬਿਹਤਰ ਸੀ। ਅੱਜ ਦੇ ਮੈਚ ਵਿੱਚ ਕੰਟਰੋਲ ਕਾਫ਼ੀ ਬਿਹਤਰ ਸੀ ਅਤੇ ਪੱਧਰ ਵੀ ਚੰਗਾ ਸੀ ਅਤੇ ਲਗਾਤਾਰਤਾ ਸੀ। ਮੇਰਾ ਮੰਨਣਾ ਹੈ ਕਿ ਅਸੀਂ ਹੋਰ ਗੋਲ ਕਰ ਸਕਦੇ ਸੀ, ਪਰ ਟੀਮ ਵੱਲੋਂ ਜਜ਼ਬਾ ਅਤੇ ਯਤਨ ਚੰਗਾ ਸੀ।’’ ਮਾਰਿਨ ਨੇ ਕਿਹਾ ਕਿ ਹੀਰੋਸ਼ੀਮਾ ਵਿੱਚ ਹੋਣ ਵਾਲੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਤੋਂ ਪਹਿਲਾਂ ਇਹ ਨਤੀਜਾ ਕਾਫ਼ੀ ਹੌਸਲਾ ਵਧਾਊ ਹੈ। ਉਨ੍ਹਾਂ ਕਿਹਾ, ‘‘ਇਸ ਤਿੰਨ ਮੈਚਾਂ ਦੀ ਲੜੀ ਵਿੱਚ ਦੋ ਮੈਚ ਜਿੱਤਣਾ ਸ਼ਾਨਦਾਰ ਹੈ। ਇਸ ਨਾਲ ਐਫਆਈਐਚ ਵਿਮੈਨ ਸੀਰੀਜ਼ ਫਾਈਨਲਜ਼ ਹੀਰੋਸ਼ੀਮਾ-2019 ਤੋਂ ਪਹਿਲਾਂ ਟੀਮ ਦਾ ਆਤਮਵਿਸ਼ਵਾਸ ਵਧੇਗਾ।’’
Sports ਮਹਿਲਾ ਹਾਕੀ: ਭਾਰਤ ਨੇ ਕੋਰੀਆ ਤੋਂ ਲੜੀ ਜਿੱਤੀ