ਇੰਡੀਅਨ ਵਿਮੈਨ ਫੁਟਬਾਲ ਲੀਗ ਦੇ ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਦੌਰਾਨ ਮਨੀਪੁਰ ਪੁਲੀਸ ਸਪੋਰਟਸ ਕਲੱਬ ਨੂੰ ਆਤਮਘਾਤੀ ਗੋਲ ਕਰਨਾ ਮਹਿੰਗਾ ਪੈ ਗਿਆ। ਸੇਤੂ ਮਦੁਰਾਇ ਦੀ ਟੀਮ ਨੇ ਉਸ ਨੂੰ 3-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕਰ ਲਿਆ। ਇਹ ਆਤਮਘਾਤੀ ਗੋਲ ਓਮਾਪਤੀ ਦੇਵੀ ਨੇ 56ਵੇਂ ਮਿੰਟ ਵਿੱਚ ਦਾਗ਼ਿਆ ਸੀ। ਇਸ ਟੂਰਨਾਮੈਂਟ ਦੌਰਾਨ ਸੇਤੂ ਮਦੁਰਾਇ ਦੀ ਟੀਮ ਨੇ ਕੋਈ ਮੈਚ ਨਹੀਂ ਹਾਰਿਆ। ਫਾਈਨਲ ਮੁਕਾਬਲੇ ਦੌਰਾਨ ਸੇਤੂ ਮਦੁਰਾਇ ਐਫਸੀ ਅਤੇ ਮਨੀਪੁਰ ਪੁਲੀਸ ਸਪੋਰਟਸ ਕਲੱਬ ਦੇ ਖਿਡਾਰੀਆਂ ਵਿੱਚ ਪੂਰਾ ਜੋਸ਼ ਵਿਖਾਈ ਦੇ ਰਿਹਾ ਸੀ। ਮੈਚ ਦੇ ਸ਼ੁਰੂ ਤੋਂ ਹੀ ਦੋਵਾਂ ਟੀਮਾਂ ਦੀਆਂ ਖਿਡਾਰਨਾਂ ਨੇ ਗੋਲ ਕਰਨ ਲਈ ਇੱਕ -ਦੂਜੇ ’ਤੇ ਜਵਾਬੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਟੇਡੀਅਮ ਵਿੱਚ ਵੱਡੀ ਗਿਣਤੀ ’ਚ ਮੌਜੂਦ ਦਰਸ਼ਕ ਵੀ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ ਹੋਏ ਸਨ। ਮੈਚ ਦੇ 44ਵੇਂ ਮਿੰਟ ’ਚ ਰਾਧਾਰਾਣੀ ਦੇਵੀ ਨੇ ਗੋਲ ਕਰਕੇ ਮਨੀਪੁਰ ਨੂੰ 1-0 ਦੀ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਗੋਲ ਬਚਾਉਣ ਦੇ ਚੱਕਰ ਵਿੱਚ ਮਨੀਪੁਰ ਦੀ ਉਮਾਪਤੀ ਦੇਵੀ ਨੇ ਗ਼ਲਤੀ ਨਾਲ ਮੈਚ ਦੇ 56ਵੇਂ ਮਿੰਟ ’ਚ ਆਤਮਘਾਤੀ ਗੋਲ ਦਾਗ਼ ਦਿੱਤਾ, ਜਿਸ ਕਾਰਨ ਸੇਤੂ ਮਦੁਰਾਇ ਦੀ ਟੀਮ 1-1 ਨਾਲ ਬਰਾਬਰ ਹੋ ਗਈ। ਇਸ ਮਗਰੋਂ ਸੇਤੂ ਦੀ ਟੀਮ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ। ਨੇਪਾਲ ਦੀ ਕੌਮਾਂਤਰੀ ਖਿਡਾਰਨ ਸਬਿੱਤਰਾ ਭੰਡਾਰੀ ਦੇ 61ਵੇਂ ਅਤੇ 70ਵੇਂ ਮਿੰਟ ਵਿੱਚ ਲਗਾਤਾਰ ਦਾਗ਼ੇ ਦੋ ਗੋਲਾਂ ਦੀ ਮਦਦ ਨਾਲ ਟੀਮ ਨੇ ਮੈਚ 3-1 ਗੋਲਾਂ ਨਾਲ ਜਿੱਤ ਲਿਆ। ਮਹਿਲਾ ਫੁਟਬਾਲ ਲੀਗ ਦੌਰਾਨ ਸਭ ਤੋਂ ਵੱਧ 26 ਗੋਲ ਕਰਨ ਵਾਲੀ ਮਨੀਪੁਰ ਪੁਲੀਸ ਟੀਮ ਦੀ ਕਪਤਾਨ ਬਾਲਾ ਦੇਵੀ ਫਾਈਨਲ ਮੈਚ ਦੌਰਾਨ ਗੋਲ ਦਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ। ਮਨੀਪੁਰ ਪੁਲੀਸ ਟੀਮ ਨੇ ਸੈਮੀ-ਫਾਈਨਲ ਵਿੱਚ ਗੋਕੁਲਮ ਕੇਰਲਾ ਨੂੰ 4-2 ਗੋਲਾਂ ਨਾਲ ਅਤੇ ਸੇਤੂ ਮਦੁਰਾਇ ਨੇ ਸੈਂਟਰਲ ਐਸਐਸਬੀ ਵਿਮੈਨ ਨੂੰ 8-1 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਇਸ ਤੋਂ ਪਹਿਲਾਂ ਗਰੁੱਪ (ਬੀ) ਗੇੜ ਦੌਰਾਨ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ। ਇਸ ਵਿੱਚ ਸੇਤੂ ਦੀ ਟੀਮ ਨੇ ਮਨੀਪੁਰ ਨੂੰ 6-4 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ। ਫਾਈਨਲ ਵਿੱਚ ਸੇਤੂ ਮਦੁਰਾਇ ਨੇ ਮਨੀਪੁਰ ਨੂੰ ਹਰਾ ਕੇ ਮੈਚ ਅਤੇ ਖ਼ਿਤਾਬ ਜਿੱਤ ਲਿਆ।
Sports ਇੰਡੀਅਨ ਵਿਮੈਨ ਫੁਟਬਾਲ ਲੀਗ: ਸੇਤੂ ਮਦੁਰਾਇ ਚੈਂਪੀਅਨ