ਲੰਡਨ. (ਰਾਜਵੀਰ ਸਮਰਾ) ਯੂ ਕੇ ਚ ਹੁਣੇ ਜਿਹੇ ਹੋਈਆਂ ਕੌਂਸਲ ਚੋਣਾਂ ਚ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਤੋਂ ਸ: ਕਮਲ ਸਿੰਘ ਘਟੋਰੇ ਨੂੰ ਦੇਸ਼ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ਦਾ ਇਸ ਇਲਾਕੇ ਚੋਂ ਪਹਿਲਾ ਸਿੱਖ ਕੌਂਸਲਰ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ । ਸ ਘਟੋਰੇ ਕੌਂਸਲ ਵਿੱਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਦੀ ਭੂਮਿਕਾ ਨਿਭਾਉਣਗੇ । ਦੱਸਣਯੋਗ ਹੈ ਕਿ ਕਮਲ ਸਿੰਘ ਘਟੋਰੇ ਯੂ ਕੇ ਚ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਚ ਆਏ ਸਨ ਤੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਉਹ ਲੈਸਟਰ ਦੇ ਇਕ ਬਹੁਤ ਹੀ ਕਾਮਯਾਬ ਬਿਜਨਸਮੈਨ ਬਣੇ ।
ਇਸ ਇਲਾਕੇ ਚ ਉਹ ਕੰਜਰਵੇਟਿਵ ਪਾਰਟੀ ਦੇ ਪੁਰਾਣੇ ਮੈਂਬਰਾਂ ਵਿਚੋ ਇਕ ਹਨ ਤੋ ਲੋਕ ਭਲਾਈ ਕਾਰਜਾਂ ਚ ਹਮੇਸ਼ਾ ਹੀ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ ਹਨ । ਕਮਲ ਸਿੰਘ ਦੇ ਭਾਰੀ ਗਿਣਤੀ ਵੋਟਾਂ ਨਾਲ ਜਿੱਤ ਕੇ ਕੌਂਸਲਰ ਚੁਣੇ ਜਾਣ ਅਤੇ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਚ ਉਹਨਾਂ ਦਾ ਵਿਰੋਧੀ ਧਿਰ ਦਾ ਡਿਪਟੀ ਲੀਡਰ ਚੁਣੇ ਜਾਣ ਕਾਰਨ ਲੈਸਟਰਸ਼ਾਇਰ ਦੇ ਪੰਜਾਬੀ ਭਾਈਚਾਰੇ ਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਦਾ ਰਹੀ ਹੈ ।