ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਭਾਰਤ ਦੀ ਤਰਕਸ਼ ਵਿੱਚ ਕਾਫ਼ੀ ਤੀਰ ਹਨ, ਜਿਸ ਤੋਂ ਸਪਸ਼ਟ ਹੋ ਗਿਆ ਕਿ ਹਾਲਾਤ ਅਨੁਸਾਰ ਟੀਮ ਵਿੱਚ ਫੇਰਬਦਲ ਕੀਤਾ ਜਾਵੇਗਾ। ਵਿਜੈ ਸ਼ੰਕਰ ਦੇ ਚੁਣੇ ਜਾਣ ’ਤੇ ਮੰਨਿਆ ਜਾ ਰਿਹਾ ਸੀ ਕਿ ਤਾਮਿਲਨਾਡੂ ਦਾ ਇਹ ਹਰਫ਼ਨਮੌਲਾ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ, ਪਰ ਸ਼ਾਸਤਰੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦਾ ਕ੍ਰਮ ਤੈਅ ਨਹੀਂ ਹੈ। ਉਸ ਨੇ ਕਿਹਾ, ‘‘ਟੀਮ ਵਿੱਚ ਲਚਕਤਾ ਹੈ। ਬੱਲੇਬਾਜ਼ੀ ਦਾ ਕ੍ਰਮ ਲੋੜ ਅਨੁਸਾਰ ਤੈਅ ਹੋਵੇਗਾ। ਸਾਡੀ ਤਰਕਸ਼ ਵਿੱਚ ਕਾਫ਼ੀ ਤੀਰ ਹਨ। ਸਾਡੇ ਕੋਲ ਕਈ ਖਿਡਾਰੀ ਹਨ, ਜੋ ਚੌਥੇ ਨੰਬਰ ’ਤੇ ਉਤਰ ਸਕਦੇ ਹਨ। ਮੈਨੂੰ ਇਸ ਦਾ ਫ਼ਿਕਰ ਨਹੀਂ ਹੈ।’’ ਕ੍ਰਿਕਟਨੈਕਸਟ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਨੇ ਕਿਹਾ, ‘‘ਸਾਡੇ 15 ਖਿਡਾਰੀ ਕਦੇ ਵੀ, ਕਿਤੇ ਵੀ ਖੇਡ ਸਕਦੇ ਹਨ। ਜੇਕਰ ਕੋਈ ਤੇਜ਼ ਗੇਂਦਬਾਜ਼ ਜ਼ਖ਼ਮੀ ਹੈ ਤਾਂ ਉਸ ਦਾ ਬਦਲ ਵੀ ਮੌਜੂਦ ਹੈ।’’ ਆਈਸੀਸੀ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ 30 ਮਈ ਤੋਂ 14 ਜੁਲਾਈ ਤੱਕ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਹਰਫ਼ਨਮੌਲਾ ਕੇਦਾਰ ਜਾਧਵ ਨੂੰ ਆਈਪੀਐਲ ਮੈਚ ਦੌਰਾਨ ਸੱਟ ਲੱਗੀ ਸੀ, ਜਦਕਿ ਸਪਿੰਨਰ ਕੁਲਦੀਪ ਯਾਦਵ ਲੈਅ ਵਿੱਚ ਨਹੀਂ ਹੈ, ਪਰ ਕੋਚ ਨੇ ਕਿਹਾ ਕਿ ਉਸ ਨੂੰ ਇਸ ਸਬੰਧੀ ਕੋਈ ਫ਼ਿਕਰ ਨਹੀਂ ਹੈ। ਸਾਬਕਾ ਕਪਤਾਨ ਨੇ ਕਿਹਾ ਕਿ ਆਸਟਰੇਲੀਆ ਅਤੇ ਵੈਸਟ ਇੰਡੀਜ਼ ਦਾ ਪ੍ਰਦਰਸ਼ਨ ਦੇਖਣ ਵਾਲਾ ਹੋਵੇਗਾ। ਉਸ ਨੇ ਕਿਹਾ, ‘‘ਜਦੋਂ ਵੈਸਟ ਇੰਡੀਜ਼ ਟੀਮ ਭਾਰਤ ਵਿੱਚ ਸੀ ਤਾਂ ਮੈਂ ਕਿਹਾ ਸੀ ਕਿ ਭਾਵੇਂ ਅਸੀਂ ਉਸ ਨੂੰ ਹਰਾ ਦਿੱਤਾ, ਪਰ ਉਸ ਨੇ ਸ਼ਾਨਦਾਰ ਕ੍ਰਿਕਟ ਖੇਡੀ। ਉਸ ਸਮੇਂ ਟੀਮ ਵਿੱਚ ਕ੍ਰਿਸ ਗੇਲ ਅਤੇ ਆਂਦਰੇ ਰੱਸਲ ਵੀ ਨਹੀਂ ਸਨ।’’ ਆਸਟਰੇਲੀਆ ਬਾਰੇ ਉਸ ਨੇ ਕਿਹਾ, ‘‘ਆਸਟਰੇਲੀਆ ਨੇ ਪਿਛਲੇ 25 ਸਾਲ ਵਿੱਚ ਸਭ ਤੋਂ ਵੱਧ ਵਿਸ਼ਵ ਕੱਪ ਜਿੱਤੇ ਹਨ। ਆਸਟਰੇਲੀਆ ਦੀ ਕੋਈ ਟੀਮ ਅਜਿਹੀ ਨਹੀਂ ਰਹੀ ਜੋ ਚੁਣੌਤੀਪੂਰਨ ਨਾ ਹੋਵੇ। ਹੁਣ ਉਸ ਦੇ ਸਾਰੇ ਖਿਡਾਰੀ ਪਰਤ ਚੁੱਕੇ ਹਨ ਅਤੇ ਉਹ ਸ਼ਾਨਦਾਰ ਲੈਅ ਵਿੱਚ ਹਨ।’’
Sports ਵਿਸ਼ਵ ਕੱਪ ਲਈ ਭਾਰਤੀ ਤਰਕਸ਼ ਵਿੱਚ ਕਾਫ਼ੀ ਤੀਰ: ਸ਼ਾਸਤਰੀ