ਬਠਿੰਡਾ ਲੋਕ ਸਭਾ ਹਲਕੇ ਦੇ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੋਹਾ ਖੇਤਰ ਦੇ ਪਿੰਡ ਬੀਰੋਕੇ, ਸੈਦੇਵਾਲਾ, ਮੰਘਾਣੀਆਂ ਤੇ ਰਿਉਂਦ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਪੰਜਾਬ ਦੀ ਸੱਤਾ ਤਾਂ ਹਾਸਿਲ ਕਰ ਲਈ ਪਰ ਢਾਈ ਸਾਲ ਬੀਤ ਜਾਣ ’ਤੇ ਵੀ ਲੋਕਾਂ ਨਾਲ ਕੀਤਾ ਇਕ ਵਾਅਦਾ ਵੀ ਪੂਰਾ ਨਹੀਂ ਕੀਤਾ। ਇਸ ਸਰਕਾਰ ਨੇ ਜਿਥੇ ਪਿੱਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆ ਉੱਥੇ ਕੇਂਦਰ ਸਰਕਾਰ ਵੱਲੋਂ ਗਰੀਬਾਂ ਦੀ ਭਲਾਈ ਲਈ ਭੇਜੇ ਪੈਸਿਆਂ ਦੀ ਵੀ ਦੁਰਵਰਤੋਂ ਕੀਤੀ ਹੈ। ਗਰੀਬ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਵਜ਼ੀਫੇ ਦੀ ਰਕਮ ਵੀ ਸਰਕਾਰ ਨੇ ਅਜੇ ਤੱਕ ਉਨ੍ਹਾਂ ਤੱਕ ਪੁੱਜਦਾ ਨਹੀਂ ਕੀਤੀ। ਇਸ ਸਰਕਾਰ ਨੇ ਲੋਕਾਂ ਨੂੰ ਬਿਜਲੀ ਦੇ ਵੱਡੇ ਵੱਡੇ ਬਿੱਲ ਦੇਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਬਠਿੰਡਾ ਨੂੰ ਦਿੱਤੇ ਏਮਜ਼ ਹਸਪਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਬਹੁਤ ਅੜਿੱਕੇ ਡਾਹੇ। ਇਨ੍ਹਾਂ ਰੈਲੀਆਂ ਵਿੱਚ ਅਕਾਲੀ ਦਲ ਜ਼ਿਲ੍ਹਾ ਮਾਨਸਾ (ਦਿਹਾਤੀ) ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈ ਕੇ ਹਲਕਾ ਸੇਵਾਦਾਰ ਡਾ. ਨਿਸ਼ਾਨ ਸਿੰਘ, ਕੋਰ ਕਮੇਟੀ ਮੈਂਬਰ ਬਲੱਮ ਸਿੰਘ ਕਲੀਪੁਰ, ਯੂਥ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ, ਜਥੇਦਾਰ ਜੋਗਾ ਸਿੰਘ , ਹਰਮੇਲ ਸਿੰਘ ਕਲੀਪੁਰ ਤੇ ਬਾਬਾ ਪ੍ਰਸ਼ੋਤਮ ਗਿੱਲ ਆਦਿ ਵੀ ਹਾਜ਼ਰ ਸਨ।
INDIA ਕਾਂਗਰਸ ਨੇ ਕੋਈ ਵਾਅਦਾ ਨਹੀਂ ਪੁਗਾਇਆ: ਹਰਸਿਮਰਤ