ਬੇਅਦਬੀ ਮਾਮਲਿਆਂ ’ਚ ਬੁਰੀ ਤਰ੍ਹਾਂ ਘਿਰੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਪੰਥਕ ਧਿਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਕੋਦਰ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ। ਉਹ ਅੱਜ ਕਰਤਾਰਪੁਰ ਵਿਚ ਚੋਣ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਜਦੋਂ ਫਰਵਰੀ 1986 ਵਿੱਚ ਵਾਪਰੇ ਨਕੋਦਰ ਬੇਅਦਬੀ ਕਾਂਡ ਬਾਰੇ ਸਵਾਲ ਕੀਤਾ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹੋ ਜਿਹੇ ਕਾਂਡ ਮਾੜੇ ਤਾਂ ਹਨ ਪਰ ਅਜਿਹੇ ਕਾਂਡ ਵਾਪਰਦੇ ਰਹਿੰਦੇ ਹਨ। ਪੱਤਰਕਾਰਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਬਾਦਲ ਨੂੰ ਬਚਾਉਣ ਲਈ ਅਕਾਲੀ ਦਲ ਦੇ ਸਮਰਥਕ ਉੱਚੀ- ਉੱਚੀ ਜੈਕਾਰੇ ਲਾਉਣ ਲੱਗ ਪਏ। ਜ਼ਿਕਰਯੋਗ ਹੈ ਕਿ 2 ਫਰਵਰੀ 1986 ਨੂੰ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸੜ ਗਈਆਂ ਸਨ। ਰੋਸ ਪ੍ਰਗਟਾ ਰਹੇ ਸਿੱਖਾਂ ’ਤੇ 4 ਫਰਵਰੀ ਨੂੰ ਪੁਲੀਸ ਵੱਲੋਂ ਚਲਾਈ ਗੋਲੀ ’ਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਪੰਜਾਬ ਪੁਲੀਸ ਨੇ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਵੀ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਸਨ। ਸਾਲ 2001 ਵਿੱਚ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਨਕੋਦਰ ਕਾਂਡ ਬਾਰੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ ਸੀ ਤੇ ਉਸ ਵੇਲੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਸਨ, ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਹਨ।
ਲੋਕ ਸਭਾ ਚੋਣਾਂ ’ਚ ਬੇਅਦਬੀ ਕਾਂਡ ਚੋਣ ਮੁੱਦਾ ਹੋਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੀ ਸ੍ਰੀ ਬਾਦਲ ਨੇ ਕਿਹਾ ਕਿ ਹੁਣ ਬੇਅਦਬੀ ਕੋਈ ਮੁੱਦਾ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਬਾਲਾਕੋਟ ਵੱਡਾ ਮੁੱਦਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਕੋਟ ਵਰਗੀ ਕਾਰਵਾਈ ਕਰਕੇ ਕਮਾਲ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਅਦਬੀ ਅਸੀਂ ਨਹੀਂ ਕੀਤੀ ਸਗੋਂ ਕਾਂਗਰਸ ਨੇ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ’ਤੇ ਫੌਜਾਂ ਚਾੜ੍ਹੀਆਂ, ਨਵੰਬਰ ’84 ’ਚ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਹ ਸਾਰਾ ਕੁਝ ਕਾਂਗਰਸ ਨੇ ਹੀ ਕੀਤਾ ਸੀ।
ਪੰਜਾਬ ਵਿੱਚ ਹੋਏ ਝੂਠੇ ਪੁਲੀਸ ਮੁਕਾਬਲਿਆਂ ਬਾਰੇ ਪੁੱਛੇ ਸਵਾਲਾਂ ਦਾ ਸਿੱਧਾ ਜਵਾਬ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਪੁਲੀਸ ਅਫਸਰਾਂ ਨੇ ਝੂਠੇ ਮੁਕਾਬਲੇ ਕੀਤੇ ਸਨ, ਉਨ੍ਹਾਂ ਨੂੰ 10-10 ਸਾਲ ਦੀ ਸਜ਼ਾ ਵੀ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਪੰਜਾਬ ਵਿੱਚ 25 ਹਜ਼ਾਰ ਲਾਸ਼ਾਂ ਦਾ ਮੁੱਦਾ ਉਠਾਇਆ ਸੀ ਅਤੇ ਇਸ ਬਾਅਦ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਵੀ ਘਰੋਂ ਚੁੱਕ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ,ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਹੈ, ਨੇ ਦਾਅਵਾ ਕੀਤਾ ਸੀ ਕਿ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਪੁਲੀਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਕੋਲ ਜਿਹੜਾ ਵੀ ਆਇਆ ਉਸ ਦੀ ਉਨ੍ਹਾਂ ਨੇ ਮਦਦ ਜ਼ਰੂਰ ਕੀਤੀ ਹੈ। ਬੀਬੀ ਖਾਲੜਾ ਬਾਰੇ ਕਿਹਾ ਕਿ ਉਨ੍ਹਾਂ ਦੀ ਵੀ ਜ਼ਰੂਰ ਮਦਦ ਕੀਤੀ ਹੋਵੇਗੀ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ।
ਕਾਂਗਰਸ ’ਤੇ ਪੰਜਾਬ ਦੇ ਪਾਣੀ ਅਤੇ ਪੰਜਾਬੀ ਬੋਲਦੇ ਇਲਾਕੇ ਖੋਹਣ, ਰਾਜਧਾਨੀ ਨਾ ਦੇਣ ਸਮੇਤ ਹੋਰ ਕਈ ਤਰ੍ਹਾਂ ਦੇ ਚੋਣ ਰੈਲੀ ਵਿੱਚ ਲਾਏ ਦੋਸ਼ਾਂ ਬਾਰੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਇਨ੍ਹਾਂ ਮਸਲਿਆਂ ਦਾ ਹੱਲ ਕਰਾਉਣ ਲਈ ਉਨ੍ਹਾਂ ਨੇ ਛੇ ਸਾਲ ਵਾਜਪਾਈ ਦੀ ਸਰਕਾਰ ਅਤੇ ਪੰਜ ਸਾਲ ਮੋਦੀ ਦੀ ਸਰਕਾਰ ਵੇਲੇ ਯਤਨ ਕਿਉਂ ਨਹੀਂ ਕੀਤੇ? ਇਸ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਥਾਂ ਉਨ੍ਹਾਂ ਨੇ ਕਾਂਗਰਸ ’ਤੇ ਦੋਸ਼ ਮੜ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਹਰਿਆਣੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਸੀ। ਪੱਤਰਕਾਰਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਬਾਦਲ ਨੂੰ ਬਚਾਉਣ ਲਈ ਅਕਾਲੀ ਦਲ ਦੇ ਸਮਰਥਕ ਉੱਚੀ ਉੱਚੀ ਜੈਕਾਰੇ ਲਾਉਣ ਲੱਗ ਪਏ।
HOME ਨਕੋਦਰ ਬੇਅਦਬੀ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਨੇ: ਬਾਦਲ