ਕਾਂਗਰਸ ਦਾ ਛੋਟਾ ਰਾਜਾ ਵੱਡਾ ਗੱਪੀ: ਬਾਦਲ

ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਘਾ ਵਿਚ ਚੋਣ ਰੈਲੀ ਕੀਤੀ। ਉਨ੍ਹਾਂ ਨੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਵੱਡਾ ਗੱਪੀ ਦੱਸਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਮੋਦੀ ਦੇ ਮੁਕਾਬਲੇ ਕਾਂਗਰਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਰਾਹੁਲ ਗਾਂਧੀ ਨੂੰ ਸਿਆਸਤ ਤੋਂ ਅਨਪੜ੍ਹ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਨਰਿੰਦਰ ਮੋਦੀ ਨੇ ਚਾਰ ਵਾਰ ਗੁਜਰਾਤ ਦਾ ਮੁੱਖ ਮੰਤਰੀ ਰਹਿ ਕੇ ਇਸ ਨੂੰ ਇਕ ਨੰਬਰ ਸੂਬਾ ਬਣਾਇਆ, ਉੱਥੇ ਹੀ ਪ੍ਰਧਾਨ ਮੰਤਰੀ ਬਣ ਕੇ ਪੰਜ ਸਾਲ ਵਿਚ ਹੀ ਉਨ੍ਹਾਂ ਨੇ ਵਿਦੇਸ਼ ‘ਚ ਵੀ ਭਾਰਤ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਨੌਜਵਾਨਾਂ ਨੇ ਦਿੱਤੀਆਂ ਹਨ ਪਰ ਮੋਦੀ ਤੋਂ ਪਹਿਲਾਂ ਬਣੇ ਪ੍ਰਧਾਨ ਮੰਤਰੀਆਂ ਨੇ ਪੰਜਾਬ ਨਾਲ ਵਿਤਕਰਾ ਹੀ ਕੀਤਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ 5 ਵਾਰ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਹਰ ਵਰਗ ਨੂੰ ਬਰਾਬਰ ਸਹੂਲਤਾਂ ਦੇ ਕੇ ਸੂਬੇ ਦੀ ਨਿਰਪੱਖ ਸੇਵਾ ਕੀਤੀ ਹੈ ਅਤੇ ਬੀਬਾ ਬਾਦਲ ਵੀ ਲਗਾਤਾਰ ਪਿਛਲੇ 10 ਸਾਲਾਂ ਤੋਂ ਕੇਂਦਰ ਵਿਚ ਮੰਤਰੀ ਰਹਿ ਕੇ ਹਲਕੇ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੋ ਸਾਲ ਦੇ ਰਾਜ ਵਿਚ ਨਵੀਆਂ ਸਕੀਮਾਂ ਲਾਗੂ ਕਰਨ ਦੀ ਥਾਂ ਉਨ੍ਹਾਂ ਦੀ ਸਰਕਾਰ ਵੇਲੇ ਸ਼ੁਰੂ ਕੀਤੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਝਾੜੂ ਤਾਂ ਪੰਜਾਬ ਵਿਚ ਖਿੱਲਰ ਚੁੱਕਾ ਹੈ। ਪਾਰਟੀ ਦੇ ਜਿੱਤੇ ਵਿਧਾਇਕ ਵੀ ਸਾਥ ਛੱਡ ਚੁੱਕੇ ਹਨ।

Previous articleਵਿਜੀਲੈਂਸ ਜਾਂਚ ਦੇ ਘੇਰੇ ’ਚ ਆਏ ਪਨਸਪ ਅਧਿਕਾਰੀ
Next articleਪਕੌੜਿਆਂ ਤੇ ਚਾਹ ਨਾਲ ਸ਼ਾਹ ਦਾ ਸਵਾਗਤ ਹੋਵੇਗਾ: ਸ਼ਤਰੂ