ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਸ਼ਾਮ ਇਥੇ ਸੈਕਟਰ-27 ’ਚ ਪਾਰਟੀ ਉਮੀਦਵਾਰ ਕਿਰਨ ਖੇਰ ਦੀ ਹਮਾਇਤ ਵਿਚ ਵਰਕਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਲੋਕ ਕੁਰਸੀਆਂ ਖਾਲੀ ਕਰਕੇ ਵਾਪਸ ਜਾਣ ਲੱਗ ਪਏ ਤੇ ਭਾਜਪਾ ਲੀਡਰਸ਼ਿਪ ਨੂੰ ਪਸੀਨੇ ਆਉਣ ਲੱਗ ਪਏ। ਸਟੇਜ ’ਤੇ ਬੈਠੇ ਪਾਰਟੀ ਆਗੂ ਮੋਬਾਈਲ ਫੋਨਾਂ ਰਾਹੀਂ ਹੇਠਲੇ ਆਗੂਆਂ ਨੂੰ ਲੋਕਾਂ ਨੂੰ ਰੋਕਣ ਲਈ ਕਹਿੰਦੇ ਰਹੇ ਪਰ ਖਾਸ ਕਰਕੇ ਮਹਿਲਾਵਾਂ ਵਾਲੇ ਪੰਡਾਲ ਦੀਆਂ ਵੱਡੇ ਹਿੱਸੇ ਦੀਆਂ ਕੁਰਸੀਆਂ ਖਾਲੀ ਹੋ ਗਈਆਂ। ਅਮਿਤ ਸ਼ਾਹ ਨੇ ਵੀ ਆਮ ਰੁਝਾਨ ਦੇ ਉਲਟ ਆਪਣੇ ਭਾਸ਼ਣ ਨੂੰ ਮਹਿਜ਼ 14 ਮਿੰਟਾਂ ਵਿਚ ਹੀ ਸਮੇਟ ਦਿੱਤਾ। ਇਸ ਮੌਕੇ ਆਗੂਆਂ ਨੇ ਇਧਰੋਂ-ਉਧਰੋਂ ਵਰਕਰਾਂ ਨੂੰ ਲਿਆ ਕਿ ਖਾਲੀ ਕੁਰਸੀਆਂ ਭਰਨ ਦਾ ਯਤਨ ਕੀਤਾ ਪਰ ਗੱਲ ਨਹੀਂ ਬਣ ਸਕੀ। ਸ੍ਰੀ ਸ਼ਾਹ ਨੇ ਸ਼ਾਮ 7.34 ਵਜੇ ਆਪਣਾ ਭਾਸ਼ਣ ਸ਼ੁਰੂ ਕੀਤਾ ਅਤੇ ਮਹਿਜ਼ 9 ਮਿੰਟਾਂ ਬਾਅਦ ਹੀ ਲੋਕ ਰੈਲੀ ਵਿਚੋਂ ਉਠਣੇ ਸ਼ੁਰੂ ਹੋ ਗਏ। ਅਮਿਤ ਸ਼ਾਹ ਨੇ ਆਪਣਾ ਭਾਸ਼ਣ 7.48 ਵਜੇ ਦੇ ਕਰੀਬ ਸਮਾਪਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ ਖਿੱਤੇ ਦੇ ਲੋਕਾਂ ਦਾ ਸਮੂਹ ਹੈ ਅਤੇ ਉਨ੍ਹਾਂ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਵੀ ਸੈਕਟਰ-27 ਦੇ ਰਾਮਲੀਲ੍ਹਾ ਗਰਾਊਂਡ ਵਿਚ ਰੈਲੀ ਕਰ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਸੀ ਅਤੇ ਇਨ੍ਹਾਂ ਚੋਣਾਂ ਵਿਚ ਵੀ ਇਹ ਮੈਦਾਨ ਜੇਤੂ ਸਾਬਤ ਹੋਵੇਗਾ। ਉਨ੍ਹਾਂ ਇਸ ਮੌਕੇ ਦੇਸ਼ ਦੀ ਸੁਰੱਖਿਆ ਦਾ ਮੁੱਦਾ ਉਭਾਰ ਕੇ ਚੰਡੀਗੜ੍ਹ ਦੇ ਲੋਕਾਂ ਨੂੰ ਸੰਸਦ ਮੈਂਬਰ ਕਿਰਨ ਖੇਰ ਨੂੰ ਮੁੜ ਜਿਤਾਉਣ ਦੀ ਅਪੀਲ ਕੀਤੀੇ। ਇਸ ਮੌਕੇ ਭਾਵੇਂ ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਦੇਉਮੀਦਵਾਰ ਪਵਨ ਬਾਂਸਲ ਬਾਰੇ ਕੁਝ ਨਹੀਂ ਕਹਿਣਾ ਪਰ ਸਥਾਨਕ ਲੀਡਰਸ਼ਿਪ ਨੇ ਸ੍ਰੀ ਬਾਂਸਲ ਦੇ ਰੇਲ ਮੰਤਰੀ ਵੇਲੇ ਹੋਏ ‘ਰੇਲ ਘੁਟਾਲੇ’ ਨੂੰ ਖੂਬ ਉਛਾਲ ਕੇ ਇਹ ਸੰਕੇਤ ਦਿੱਤੇ ਕਿ ਉਹ ਚੋਣ ਵਿਚ ਇਸ ਘੁਟਾਲੇ ਨੂੰ ਮੁੱਖ ਮੁੱਦਾ ਬਣਾਉਣਗੇ। ਅਮਿਤ ਸ਼ਾਹ ਦੇ ਚੰਡੀਗੜ੍ਹ ਪੁੱਜਣ ’ਤੇ ਭਾਜਪਾ ਸ਼ਹਿਰੀ ਪ੍ਰਧਾਨ ਸੰਜੇ ਟੰਡਨ ਅਤੇ ਚੋਣ ਪ੍ਰਚਾਰ ਕਮੇਟੀ ਦੇ ਕਨਵੀਨਰ ਰਾਮਵੀਰ ਭੱਟੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਕਿਰਨ ਖੇਰ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਦੋਸ਼ ਲਾਇਆ ਕਿ ਕਾਂਗਰਸ ਭਾਰਤ ਦੇ ਟੁੱਕੜੇ ਕਰਨ ਦੇ ਨਾਅਰੇ ਲਾਉਣ ਵਾਲੇ ਅਨਸਰਾਂ ਨਾਲ ਖੜ੍ਹੀ ਹੈ। ਭਾਜਪਾ ਦੇ ਸਾਬਕਾ ਮੇਅਰ ਅਰੁਣ ਸੂਦ ਨੇ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਉਪਰ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਰੇਲ ਘਪਲੇ ਨਾਲ ਚੰਡੀਗੜ੍ਹ ਨੂੰ ਕਲੰਕਿਤ ਕੀਤਾ ਗਿਆ ਸੀ। ਮੌਜੂਦਾ ਮੇਅਰ ਰਾਜੇਸ਼ ਕਾਲੀਆ ਨੇ ਵੀ ਦੋਸ਼ ਲਾਇਆ ਕਿ ਸ੍ਰੀ ਬਾਂਸਲ ਵੇਲੇ ਘਪਲੇ ਹੋਏ ਸਨ। ਸਾਬਕਾ ਮੇਅਰ ਆਸ਼ਾ ਜਸਵਾਲ ਨੇ ਵੀ ਸ੍ਰੀ ਬਾਂਸਲ ਉਪਰ ਹਮਲਾ ਕਰਦਿਆਂ ਕਿਹਾ ਕਿ ਸਾਲ 2014 ਤੋਂ ਬਾਅਦ ਮਾਮਾ-ਭਾਣਜਾ ਵਾਲੇ ਘਪਲੇ ਨਹੀਂ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ ਨੇ ਦੋਸ਼ ਲਾਇਆ ਕਿ ਸ੍ਰੀ ਬਾਂਸਲ ਹੁਣ ਮੈਟਰੋ-ਮੈਟਰੋ ਕਰਕੇ ਪਹਿਲਾਂ ਵਾਂਗ ਹੋਰ ਘਪਲਾ ਕਰਨ ਦੀ ਤਿਆਰੀ ਵਿਚ ਹਨ। ਭਾਜਪਾ ਦੇ ਪੁਰਵਾਂਚਲ ਵਿੰਗ ਦੇ ਪ੍ਰਧਾਨ ਪੱਪੂ ਸ਼ੁਕਲਾ ਨੇ ਕਿਹਾ ਕਿ ਸ੍ਰੀ ਬਾਂਸਲ ਘਪਲੇ ਕਰਨ ਦੇ ਮਾਹਰ ਹਨ। ਦੱਸਣਯੋਗ ਹੈ ਕਿ ਸ੍ਰੀ ਬਾਂਸਲ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਕਿ ਰੇਲ ਘਪਲੇ ਮਾਮਲੇ ਵਿਚ ਉਨ੍ਹਾਂ ਨੂੰ ਸਬੰਧਤ ਏਜੰਸੀਆਂ ਤੋਂ ਕਲੀਨ ਚਿਟ ਮਿਲ ਚੁੱਕੀ ਹੈ।
HOME ਅਮਿਤ ਸ਼ਾਹ ਦੀ ਰੈਲੀ ਨੂੰ ਮਿਲਿਆ ਨਾਮਾਤਰ ਹੁੰਗਾਰਾ