ਇਸ਼ਰਤ ਜਹਾਂ ਕੇਸ ਵਿਚੋਂ ਵਣਜ਼ਾਰਾ ਤੇ ਅਮੀਨ ਬਰੀ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਸ਼ਰਤ ਜਹਾਂ ਕਥਿਤ ਝੂਠੇ ਮੁਕਾਬਲੇ ਨਾਲ ਸਬੰਧਤ ਕੇਸ ’ਚ ਦੋ ਸਾਬਕਾ ਪੁਲੀਸ ਅਧਿਕਾਰੀਆਂ ਡੀਜੀ ਵਣਜ਼ਾਰਾ ਤੇ ਐੱਨਕੇ ਅਮੀਨ ਨੂੰ ਬਰੀ ਕਰ ਦਿੱਤਾ ਹੈ। ਸੀਬੀਆਈ ਦੇ ਜੱਜ ਜੇ.ਕੇ. ਪਾਂਡਿਆ ਨੇ ਕਿਹਾ ਕਿ ਕਿਉਂਕਿ ਸਰਕਾਰ ਨੇ ਇਨ੍ਹਾਂ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਇਸ ਲਈ ਇਨ੍ਹਾਂ ਨੂੰ ਬਰੀ ਕਰਨ ਦੀ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਕੇਸ ਦੀ ਕਾਰਵਾਈ ’ਚੋਂ ਹਟਾਇਆ ਜਾਂਦਾ ਹੈ। ਸੀਆਰਪੀਸੀ ਦੀ ਧਾਰਾ 197 ਅਨੁਸਾਰ ਸਰਕਾਰੀ ਮੁਲਾਜ਼ਮ ਖ਼ਿਲਾਫ਼ ਕੋਈ ਵੀ ਕੇਸ ਸ਼ੁਰੂ ਕਰਨ ਲਈ ਸਰਕਾਰ ਦੀ ਪ੍ਰਵਾਨਗੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ 15 ਜੂਨ 2004 ਨੂੰ ਅਹਿਮਦਾਬਾਦ ਦੇ ਬਾਹਰਵਾਰ ਕਥਿਤ ਫਰਜ਼ੀ ਮੁਕਾਬਲੇ ’ਚ ਗੁਜਰਾਤ ਪੁਲੀਸ ਨੇ 19 ਸਾਲਾ ਇਸ਼ਰਤ ਜਹਾਂ, ਜਾਵੇਦ ਸ਼ੇਖ ਉਰਫ਼ ਪ੍ਰਨੇਸ਼ ਪਿੱਲਈ, ਅਮਜਦ ਅਲੀ ਅਕਬਰ ਅਲੀ ਰਾਣਾ ਅਤੇ ਜ਼ੀਸ਼ਾਨ ਜੌਹਰ ਨੂੰ ਮਾਰ ਦਿੱਤਾ ਸੀ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਇਹ ਸਾਰੇ ਅਤਿਵਾਦੀ ਸਨ ਤੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।

Previous articleਸੀਬੀਐੱਸਈ 12ਵੀਂ ਦੇ ਨਤੀਜੇ ’ਚ ਹੰਸਿਕਾ ਸ਼ੁਕਲਾ ਅੱਵਲ
Next articleਬਾਰ੍ਹਵੀਂ ਦਾ ਨਤੀਜਾ: ਨਵਨੀਤ ਤੇ ਹੁਨਰ ਦੀਪ ਬਠਿੰਡਾ ਜ਼ਿਲ੍ਹੇ ’ਚੋਂ ਅੱਵਲ