ਸੀਬੀਐੱਸਈ 12ਵੀਂ ਦੇ ਨਤੀਜੇ ’ਚ ਹੰਸਿਕਾ ਸ਼ੁਕਲਾ ਅੱਵਲ

ਸੀਬੀਐੱਸਈ ਵੱਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ’ਚ ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਨੇ 500 ’ਚੋਂ 499 ਅੰਕ ਹਾਸਲ ਕਰਕੇ ਕੌਮੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਅੰਗਰੇਜ਼ੀ ਵਿਸ਼ੇ ’ਚ 99 ਜਦਕਿ ਬਾਕੀ ਸਾਰੇ ਵਿਸ਼ਿਆਂ ਇਤਿਹਾਸ, ਰਾਜਨੀਤੀ ਸ਼ਾਸਤਰ, ਮਨੋ ਵਿਗਿਆਨ ਤੇ ਹਿੰਦੁਸਤਾਨ ਵੋਕਲਜ਼ ’ਚ 100-100 ਅੰਕ ਹਾਸਲ ਕੀਤੇ ਹਨ। 12ਵੀਂ ਜਮਾਤ ਦੇ ਨਤੀਜਿਆਂ ’ਚ ਕੁੜੀਆਂ ਦੀ ਸਰਦਾਰੀ ਰਹੀ ਹੈ। ਕੁੜੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 88.70 ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 79.40 ਫੀਸਦ ਰਹੀ।ਹੰਸਿਕਾ ਨੇ ਗੱਲਬਾਤ ਕਰਦਿਆਂ ਕਿਹਾ, ‘ਨਤੀਜੇ ਆਉਣ ਮਗਰੋਂ ਮੈਂ ਖੁਦ ਨੂੰ ਸੱਤਵੇਂ ਅਸਮਾਨ ’ਤੇ ਮਹਿਸੂਸ ਕਰ ਰਹੀ ਹਾਂ। ਮੈਨੂੰ ਅਜਿਹੇ ਨਤੀਜੇ ਦੀ ਆਸ ਨਹੀਂ ਸੀ, ਪਰ ਮੈਂ ਬਹੁਤ ਖੁਸ਼ ਹਾਂ।’ ਹੰਸਿਕਾ ਦੀ ਮਾਂ ਕਾਲਜ ’ਚ ਪ੍ਰੋਫੈਸਰ ਹੈ ਜਦਕਿ ਉਸ ਦੇ ਪਿਤਾ ਰਾਜ ਸਭਾ ’ਚ ਸਕੱਤਰ ਹਨ। ਡੀਪੀਐੱਸ ਗਾਜ਼ੀਆਬਾਦ ਦੀ ਵਿਦਿਆਰਥਣ ਹੰਸਿਕਾ ਨੇ ਕਿਹਾ ਕਿ ਜਦੋਂ ਉਹ ਦਿਮਾਗ ਨੂੰ ਆਰਾਮ ਦੇਣਾ ਚਾਹੁੰਦੀ ਹੈ ਤਾਂ ਸੰਗੀਤ ਸੁਣਦੀ ਹੈ, ਪਰ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ ਕਿਉਂਕਿ ਇਸ ਨਾਲ ਧਿਆਨ ਬਹੁਤ ਭਟਕਦਾ ਹੈ। ਮੁਜ਼ੱਫਰਨਗਰ ਦੀ ਕਰਿਸ਼ਮਾ ਅਰੋੜ ਨੇ ਵੀ ਹੰਸਿਕਾ ਦੇ ਬਰਾਬਰ ਅੰਕ ਹਾਸਲ ਕੀਤੇ ਹਨ। ਉਸ ਨੇ ਕਿਹਾ ਕਿ ਉਹ ਜਦੋਂ ਉਹ ਵਿਹਲੀ ਹੁੰਦੀ ਹੈ ਤਾਂ ਉਹ ਡਾਂਸ ਕਰਨਾ ਪਸੰਦ ਕਰਦੀ ਹੈ। ਰਿਸ਼ੀਕੇਸ਼ ਦੀ ਗੌਰੰਗੀ ਚਾਵਲਾ, ਰਾਏਬਰੇਲੀ ਦੀ ਐਸ਼ਵਰਿਆ ਅਤੇ ਜੀਂਦ ਤੋਂ ਭਾਵਿਆ ਨੇ 498 ਅੰਕ ਹਾਸਲ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਜਦਕਿ ਚੰਡੀਗੜ੍ਹ ਦਾ ਦਿਸ਼ਾਂਕ ਜਿੰਦਲ, ਹਰਿਆਣਾ ਦੀ ਰੁਬਾਨੀ ਚੀਮਾ ਅਤੇ ਦਿੱਲੀ ਤੋਂ ਵੀਰਜ ਜਿੰਦਲ ਤੇ ਮਹਿਕ ਤਲਵਾਰ ਉਨ੍ਹਾਂ 18 ਵਿਦਿਆਰਥੀਆਂ ’ਚ ਸ਼ਾਮਲ ਹਨ ਜਿਨ੍ਹਾਂ 497 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ 12ਵੀਂ ਦੇ ਨਤੀਜਿਆਂ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Previous article‘ਫ਼ਾਨੀ’ ਦੇ ਟਾਕਰੇ ਲਈ ਸੁਰੱਖਿਆ ਪ੍ਰਬੰਧ ਸਖ਼ਤ
Next articleਇਸ਼ਰਤ ਜਹਾਂ ਕੇਸ ਵਿਚੋਂ ਵਣਜ਼ਾਰਾ ਤੇ ਅਮੀਨ ਬਰੀ