ਸਨਰਾਈਜ਼ਰਜ਼ ਵੱਲੋਂ ਵਾਰਨਰ ਨੂੰ ਜਿੱਤ ਨਾਲ ਵਿਦਾਇਗੀ

ਮੇਜ਼ਬਾਨ ਹੈਦਰਾਬਾਦ ਸਨਰਾਈਜ਼ਰਜ਼ ਦੀ ਟੀਮ ਨੇ ਅੱਜ ਇਥੇ ਆਈਪੀਐਲ ਦੇ 48ਵੇਂ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ 45 ਦੌੜਾਂ ਨਾਲ ਹਰਾ ਕੇ ਆਪਣੇ ਕਪਤਾਨ ਡੇਵਿਡ ਵਾਰਨਰ ਨੂੰ ਵਿਦਾਇਗੀ ਦਿੱਤੀ। ਅਗਾਮੀ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵਾਰਨਰ ਨੇ ਵਾਪਸ ਆਸਟਰੇਲੀਆ ਪਰਤਣ ਦਾ ਫੈਸਲਾ ਲਿਆ ਹੈ। ਸਨਰਾਈਜ਼ਰਜ਼ ਵੱਲੋਂ ਜਿੱਤ ਲਈ ਦਿੱਤੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਹੀ ਬਣਾ ਸਕੀ। ਪੰਜਾਬ ਲਈ ਕੇ.ਐਲ.ਰਾਹੁਲ ਨੇ ਸਭ ਤੋਂ ਵਧ 79 ਦੌੜਾਂ ਦਾ ਯੋਗਦਾਨ ਪਾਇਆ। ਮਯੰਕ ਅਗਰਵਾਲ ਤੇ ਨਿਕੋਲਸ ਪੂਰਨ ਨੇ ਕ੍ਰਮਵਾਰ 27 ਤੇ 21 ਦੌੜਾਂ ਬਣਾਈਆਂ। ਕ੍ਰਿਸ ਗੇਲ ਚਾਰ ਦੌੜਾਂ ਨਾਲ ਨਾਕਾਮ ਰਿਹਾ। ਹੈਦਰਾਬਾਦ ਲਈ ਰਾਸ਼ਿਦ ਖ਼ਾਨ ਨੇ ਚਾਰ ਓਵਰਾਂ ਵਿੱਚ 21 ਦੌੜਾਂ ਬਦਲੇ ਤਿੰਨ ਵਿਕਟ ਲਏ। ਖਲੀਲ ਅਹਿਮਦ ਨੇ ਵੀ ਤਿੰਨ ਵਿਕਟਾਂ ਲਈਆਂ, ਪਰ ਉਹ ਚਾਰ ਓਵਰਾਂ ਵਿੱਚ 40 ਦੌੜਾਂ ਦੇ ਕੇ ਥੋੜ੍ਹਾ ਮਹਿੰਗਾ ਸਾਬਤ ਹੋਇਆ। ਇਸ ਜਿੱਤ ਨਾਲ ਹੈਦਰਾਬਾਦ ਦੀ ਟੀਮ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਪੁੱਜ ਗਈ ਹੈ ਤੇ ਉਹਦੀਆਂ ਪਲੇ-ਆਫ਼ ਖੇਡਣ ਦੀਆਂ ਉਮੀਦਾਂ ਬਰਕਰਾਰ ਹਨ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਨੀਮ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਛੇ ਵਿਕਟਾਂ ’ਤੇ 212 ਦੌੜਾਂ ਬਣਾਈਆਂ। ਵਾਰਨਰ ਨੇ 56 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 81 ਦੌੜਾਂ ਦੀ ਪਾਰੀ ਖੇਡੀ। ਉਸ ਨੇ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ (28 ਦੌੜਾਂ) ਨਾਲ ਪਹਿਲੀ ਵਿਕਟ ਲਈ 78 ਅਤੇ ਮਨੀਸ਼ ਪਾਂਡੇ (36 ਦੌੜਾਂ) ਨਾਲ ਦੂਜੀ ਵਿਕਟ ਲਈ 82 ਦੌੜਾਂ ਦੀ ਭਾਈਵਾਲੀ ਕਰਕੇ ਸਨਰਾਈਜ਼ਰਜ਼ ਦੇ ਵੱਡੇ ਸਕੋਰ ਲਈ ਮੰਚ ਤਿਆਰ ਕੀਤਾ। ਕਪਤਾਨ ਆਰ ਅਸ਼ਵਿਨ ਪੰਜਾਬ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 30 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੁਹੰਮਦ ਸ਼ਮੀ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ, ਜਦਕਿ ਐਮ ਅਸ਼ਵਿਨ ਅਤੇ ਅਰਸ਼ਦੀਪ ਸਿੰਘ ਨੂੰ ਇੱਕ-ਇੱਕ ਵਿਕਟ ਮਿਲੀ।

Previous articleਅਲੈਕਸ ਹੇਲਜ਼ ਦੀ ਇੰਗਲੈਂਡ ਕ੍ਰਿਕਟ ਟੀਮ ਤੋਂ ਛੁੱਟੀ
Next articleਰੋਹਿਤ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ