ਇੰਗਲੈਂਡ ਦਾ ਬੱਲੇਬਾਜ਼ ਅਲੈਕਸ ਹੇਲਜ਼ ਵਿਸ਼ਵ ਕੱਪ ਵਿੱਚ ਨਹੀਂ ਖੇਡ ਸਕੇਗਾ ਕਿਉਂਕਿ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਮੈਦਾਨ ਤੋਂ ਬਾਹਰ ਦੀਆਂ ਖ਼ਰਾਬ ਆਦਤਾਂ ਕਾਰਨ ਅੱਜ ਉਸ ਨੂੰ ਸਾਰੀਆਂ ਕੌਮਾਂਤਰੀ ਟੀਮਾਂ ਤੋਂ ਬਾਹਰ ਕਰ ਦਿੱਤਾ। ਹੇਲਜ਼ ਨੂੰ ਇੰਗਲੈਂਡ ਤੇ ਵੇਲਜ਼ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਬੀਤੇ ਹਫ਼ਤੇ ਇਹ ਗੱਲ ਸਾਹਮਣੇ ਆਈ ਕਿ ਉਸ ਨੂੰ ਈਸੀਬੀ ਦੀ ਅਨੁਸ਼ਾਸਨ ਨੀਤੀ ਤਹਿਤ ਦੂਜੀ ਵਾਰ ਸਜ਼ਾ ਦਿੱਤੀ ਗਈ ਹੈ।
ਗਾਰਡੀਅਨ ਦੀ ਰਿਪੋਰਟ ਅਨੁਸਾਰ, ਇਸ ਹਮਲਾਵਰ ਬੱਲੇਬਾਜ਼ ’ਤੇ ਮਨੋਰੰਜਨ ਲਈ ਡਰੱਗ ਲੈਣ ਕਾਰਨ ਪਾਬੰਦੀ ਲਾਈ ਗਈ ਸੀ। ਹੇਲਜ਼ ਦੇ ਇੱਕ ਬੁਲਾਰੇ ਨੇ ਬੀਤੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਨਾਟਿੰਘਮਸ਼ਰ ਦਾ ਇਹ ਬੱਲੇਬਾਜ਼ ‘ਬੀਤੇ ਸਾਲ ਮੈਦਾਨ ਤੋਂ ਬਾਹਰ ਦੀ ਘਟਨਾ’ ਕਾਰਨ ਮੁਅੱਤਲ ਕੀਤਾ ਗਿਆ ਸੀ।
ਈਸੀਬੀ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ, ‘‘ਅਲੈਕਸ ਹੇਲਜ਼ ਨੂੰ ਕੌਮਾਂਤਰੀ ਸੈਸ਼ਨ ਤੋਂ ਪਹਿਲਾਂ ਇੰਗਲੈਂਡ ਦੀਆਂ ਸਾਰੀਆਂ ਟੀਮਾਂ ਤੋਂ ਹਟਾ ਦਿੱਤਾ ਗਿਆ ਹੈ।’’ ਇਹ 30 ਸਾਲਾ ਬੱਲੇਬਾਜ਼ ਸ਼ੁੱਕਰਵਾਰ ਨੂੰ ਆਇਰਲੈਂਡ ਖ਼ਿਲਾਫ਼ ਮਾਲਹਾਈਡ ਵਿੱਚ ਹੋਣ ਵਾਲੇ ਇੱਕੋ-ਇੱਕ ਇੱਕ ਰੋਜ਼ਾ ਮੈਚ, ਪਾਕਿਸਤਾਨ ਖ਼ਿਲਾਫ਼ ਇੱਕ ਰੋਜ਼ਾ ਲੜੀ ਅਤੇ ਵਿਸ਼ਵ ਕੱਪ ਵਿੱਚ ਨਹੀਂ ਖੇਡ ਸਕੇਗਾ। ਈਸੀਬੀ ਦੇ ਪ੍ਰਬੰਧ ਨਿਰਦੇਸ਼ਕ (ਪੁਰਸ਼ ਕ੍ਰਿਕਟ) ਐਸ਼ਲੇ ਜੌਇਲਸ ਨੇ ਕਿਹਾ, ‘‘ਅਸੀਂ ਇੰਗਲੈਂਡ ਦੀ ਟੀਮ ਵਿੱਚ ਸਾਫ਼-ਸੁਥਰਾ ਮਾਹੌਲ ਤਿਆਰ ਕਰਨਾ ਚਾਹੁੰਦੇ ਹਾਂ।’’ ਉਸ ਨੇ ਕਿਹਾ, ‘‘ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇੰਗਲੈਂਡ ਦੇ ਖਿਡਾਰੀ ਵਜੋਂ ਇਹ ਅਲੈਕਸ ਦੇ ਕਰੀਅਰ ਦਾ ਅੰਤ ਨਹੀਂ ਹੈ।’’
Sports ਅਲੈਕਸ ਹੇਲਜ਼ ਦੀ ਇੰਗਲੈਂਡ ਕ੍ਰਿਕਟ ਟੀਮ ਤੋਂ ਛੁੱਟੀ