ਚੰਡੀਗੜ੍ਹ ਲੋਕ ਸਭਾ ਹਲਕਾ ਤੋਂ ਚੋਣ ਲੜਨ ਵਾਲਿਆਂ ਦਾ ਮੇਲਾ ਲੱਗ ਗਿਆ ਹੈ ਤੇ ਕਈ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ ਕਾਗਜ਼ ਭਰ ਕੇ ਖੂਬ ਰੌਣਕਾਂ ਲਾ ਦਿੱਤੀਆ ਹਨ। ਇਸੇ ਦੌਰਾਲ ਅੱਜ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੋਹਨ ਧਵਨ ਨੇ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਤੇ ਭਾਜਪਾ ਦੀ ਉਮੀਦਵਾਰ ਸੰਸਦ ਮੈਂਬਰ ਕਿਰਨ ਖੇਰ ਦੇ ਮੁਕਾਬਲੇ ਵਿਸ਼ਾਲ ਰੋਡ ਸ਼ੋਅ ਕੱਢ ਕੇ ਕਾਗਜ਼ ਦਾਖਲ ਕਰਵਾਏ। ਸ੍ਰੀ ਧਵਨ ਦੇ ਵਿਸ਼ਾਲ ਰੋਡ ਸ਼ੋਅ ਨੂੰ ਦੇਖ ਕੇ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲਾਂ ਅਜਿਹਾ ਪ੍ਰਭਾਵ ਬਣ ਰਿਹਾ ਸੀ ਕਿ ਮੁੱਖ ਮੁਕਾਬਲਾ ਸ੍ਰੀ ਬਾਂਸਲ ਤੇ ਕਿਰਨ ਵਿਚਾਲੇ ਹੀ ਹੈ। ਸ੍ਰੀ ਧਵਨ ਦਾ ਰੋਡ ਸ਼ੋਅ ਉਨ੍ਹਾਂ ਦੇ ਸੈਕਟਰ-9 ਸਥਿਤ ਕੋਠੀ ਤੋਂ ਚੱਲਿਆ, ਜੋ ਕਈ ਸੈਕਟਰਾਂ ਤੋਂ ਹੁੰਦਾ ਹੋਇਆ ਸੈਕਟਰ-17 ਸਥਿਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜਾ। ਉਨ੍ਹਾਂ ਦੇ ਕਾਫਲੇ ਨਾਲ ਪਿੰਡਾਂ, ਸੈਕਟਰਾਂ ਤੇ ਕਲੋਨੀਆਂ ਦੇ ਹਰੇਕ ਵਰਗਾਂ ਦੇ ਲੋਕ ਵਾਹਨਾਂ ’ਤੇ ਸਵਾਰ ਹੋ ਕੇ ਕਾਗਜ਼ ਭਰਵਾਉਣ ਪੁੱਜੇ। ਇਸ ਮੌਕੇ ਲੋਕ ਸ੍ਰੀ ਧਵਨ ਦੇ ਹੱਕ ’ਚ ਤਾਂ ਖੂਬ ਨਾਅਰੇਰਬਾਜ਼ੀ ਕਰਦੇ ਰਹੇ ਪਰ ਅਰਵਿੰਦ ਕੇਜਰੀਵਾਲ ਦੇ ਨਾਅਰੇ ਨਾਮਾਤਰ ਹੀ ਲੱਗੇ। ਜਿਸ ਤੋਂ ਇਹ ਪ੍ਰਭਾਵ ਪੈ ਰਿਹਾ ਹੈ ਕਿ ਚੰਡੀਗੜ੍ਹ ’ਚ ਸ੍ਰੀ ਕੇਜਰੀਵਾਲ ਜਾਂ ਪਾਰਟੀ ਦੇ ਝਾੜੂ ਦੀ ਖਿੱਚ ਮੱਧਮ ਪੈ ਗਈ ਹੈ। ਸ੍ਰੀ ਧਵਨ ਨਾਲ ਪਾਰਟੀ ਦੇ ਕਨਵੀਨਰ ਸੀਏ ਪ੍ਰੇਮ ਗਰਗ, ਉਨ੍ਹਾਂ ਦੀ ਪਤਨੀ ਸਤਿੰਦਰ ਧਵਨ, ਜੁਝਾਰ ਸਿੰਘ ਬਡਹੇੜੀ, ਮਹਿੰਦਰ ਸਿੰਘ ਬਹਿਲਾਣਾ, ਕੁਲਵੰਤ ਸਿੰਘ ਦੜੀਆ, ਸਾਬਕਾ ਡੀਐਸਪੀ ਵਿਜੈਪਾਲ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਸ੍ਰੀ ਧਵਨ ਨੇ ਕਿਹਾ ਕਿ ਉਨ੍ਹਾਂ ਦੇ ਰੋਡ ਸ਼ੋਅ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਏ ਲੋਕਾਂ ਤੋਂ ਸਾਫ ਸੰਕੇਤ ਮਿਲੇ ਹਨ ਕਿ ਹੁਣ ਚੰਡੀਗੜ੍ਹ ਦੇ ਲੋਕ ਭਾਜਪਾ ਦੀ ਕਿਰਨ ਖੇਰ ਤੇ 4 ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹੇ ਪਵਨ ਬਾਂਸਲ ਤੋਂ ਅੱਕ ਚੁੱਕੇ ਹਨ। ਕਿਰਨ ਖੇਰ ਤੇ ਸ੍ਰੀ ਬਾਂਸਲ ਪਹਿਲਾਂ ਹੀ ਕਾਗਜ਼ ਭਰ ਚੁੱਕੇ ਹਨ। ਅੱਜ ਡੀਸੀ ਦਫਤਰ ’ਚ ਕਾਗਜ਼ ਭਰਨ ਵਾਲੇ ਉਮੀਦਵਾਰਾਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਚੰਡੀਗੜ੍ਹ ਦੀ ਆਵਾਜ਼ ਪਾਰਟੀ ਦੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਵੀ ਰੋਡ ਸ਼ੋਅ ਕਰਕੇ ਕਾਗਜ਼ ਭਰੇ ਤੇ ਦਾਅਵਾ ਕੀਤਾ ਕਿ ਉਹ ਇਕ ਲੱਖ ਵੋਟਾਂ ਨਾਲ ਜਿੱਤਣਗੇ। ਇਸੇ ਤਰ੍ਹਾਂ ਸੀਪੀਆਈ (ਐਮਐਲ) ਰੈੱਡ ਸਟਾਰ ਦੇ ਕਾਮਰੇਡ ਲਸ਼ਕਰ ਸਿੰਘ ਨੇ ਵੀ ਕਾਗਜ਼ ਭਰੇ। ਇਸ ਤੋਂ ਇਲਾਵਾ ਸ਼ਿਵ ਸੈਨਾ ਬਾਬਾ ਸਾਹਿਬ ਠਾਕਰੇ ਪਾਰਟੀ ਵੱਲੋਂ ਅਖਿਲੇਸ਼ ਕੁਮਾਰ ਸਕਸੈਨਾ ਤੇ ਅਖਿਲ ਭਾਰਤੀ ਆਪਣਾ ਦਲ ਵੱਲੋਂ ਡੇਰਾਬਸੀ ਦੀ ਵਸਨੀਕ ਜੋਤੀਪ੍ਰੀਤ ਕੌਰ ਨੇ ਕਾਗਜ਼ ਭਰੇ। ਆਜ਼ਾਦ ਉਮੀਦਵਾਰ ਵਜੋਂ ਸੈਕਟਰ-32 ਦੇ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ ਆ ਰਹੇ 35 ਸਾਲਾ ਉਦੇ ਰਾਜ ਨੇ ਕਾਗਜ਼ ਭਰਦਿਆਂ ਕਿਹਾ ਕਿ ਉਸ ਨੇ ਠੇਕੇਦਾਰ ਵੱਲੋਂ ਠੇਕਾ ਮੁਲਾਜ਼ਮਾਂ ਨਾਲ ਕੀਤੇ ਜਾਂਦੇ ਸ਼ੋਸ਼ਣ ਤੋਂ ਮੁਕਤੀ ਪਾਉਣ ਲਈ ਚੋਣ ਲੜ ਰਹੇ ਹਨ। ਫੈਕਟਰੀ ਚਲਾਉਂਦੇ ਕਰਨ ਵਾਸੂਦੇਵ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ। ਜਨਰਲ ਸਮਾਜ ਪਾਰਟੀ ਵੱਲੋਂ ਪੰਚਕੂਲਾ ਦੇ 60 ਸਾਲਾ ਸਤੀਸ਼ ਕੁਮਾਰ ਨੇ ਕਾਗਜ਼ ਭਰੇ। ਉਨ੍ਹਾਂ ਦੱਸਿਆ ਕਿ ਉਹ ਦੇਸ਼ ’ਚੋਂ ਰਾਖਵਾਂਕਰਨ ਖਤਮ ਕਰਕੇ ਜਾਤ-ਪਾਤ ਰਹਿਤ ਸਮਾਜ ਸਿਰਜਣ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਿਹਾ ਹੈ। ਲੋਕ ਸਵਰਾਜ ਪਾਰਟੀ ਵੱਲੋਂ ਮਨੀਮਾਜਰਾ ਦੇ 43 ਸਾਲਾ ਨਵਾਬ ਅਲੀ ਨੇ ਕਾਗਜ਼ ਭਰੇ। ਇਸੇ ਤਰ੍ਹਾਂ ਮੁਹਾਲੀ ਦੀ ਭੁਪਿੰਦਰ ਕੌਰ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ। ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਤੇ ਮੁਹਾਲੀ ਦੇ ਵਸਨੀਕ ਬੂਟਾ ਸਿੰਘ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ ਹਨ। ਕੁਲ 30 ਉਮੀਦਵਾਰਾਂ ਨੇ ਚੰਡੀਗੜ੍ਹ ਤੋਂ ਨਾਮਜ਼ਦਗੀਆਂ ਭਰੀਆਂ ਹਨ।
INDIA ਧਵਨ ਨੇ ਬਾਂਸਲ ਤੇ ਕਿਰਨ ਨਾਲੋਂ ਵੱਡਾ ਰੋਡ ਸ਼ੋਅ ਕਰ ਕੇ ਕਾਗਜ਼...