ਸੀਪੀਆਈ ਦੇ ਬੇਗੂਸਰਾਏ ਲੋਕ ਸਭਾ ਹਲਕੇ ਤੋਂ ਉਮੀਦਵਾਰ ਕਨ੍ਹੱਈਆ ਕੁਮਾਰ ਨੇ ਭਰੋਸਾ ਜਤਾਇਆ ਹੈ ਕਿ ਉਹ ਜਿੱਤ ਦਰਜ ਕਰੇਗਾ। ਕੁਮਾਰ ਨੇ ਕਿਹਾ ਕਿ ਬੇਗੂਸਰਾਏ ਦੇ ਲੋਕ ‘ਦਿਲ’ ਨਾਲ ਵੋਟ ਦੇਣਗੇ, ‘ਦਲ’ ਨਾਲ ਨਹੀਂ ਜਾਣਗੇ। ਕਨ੍ਹੱਈਆ ਦਾ ਮੁਕਾਬਲਾ ਕੇਂਦਰ ਵਿਚ ਸੱਤਾ ’ਤੇ ਕਾਬਜ਼ ਭਾਜਪਾ ਦੇ ਉਮੀਦਵਾਰ ਗਿਰੀਰਾਜ ਸਿੰਘ ਤੇ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਤਨਵੀਰ ਹਸਨ ਨਾਲ ਹੈ। ਬੇਗੂਸਰਾਏ ਦੇ ਸਰਕਾਰੀ ਸੈਕੰਡਰੀ ਸਕੂਲ, ਜਿੱਥੇ ਕਨ੍ਹੱਈਆ ਪੜ੍ਹੇ ਵੀ ਹਨ, ਵਿਚ ਬਣੇ ਪੋਲਿੰਗ ਕੇਂਦਰ ’ਚ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀਪੀਆਈ ਉਮੀਦਵਾਰ ਨੇ ਕਿਹਾ ਕਿ ਨਵੇਂ ਅਵਤਾਰ ’ਚ ਆਪਣੇ ਪੁਰਾਣੇ ਸਕੂਲ ’ਚ ਆ ਕੇ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਅਮੀਰ ਤੇ ਤਾਕਤਵਰਾਂ ਦਾ ਪੱਖ ਪੂਰ ਰਹੀ ਹੈ ਜਦਕਿ ਉਹ ਮੁਲਕ ਦੇ ਆਮ ਨਾਗਰਿਕ ਦੀ ਤਰਜਮਾਨੀ ਕਰਦੇ ਹਨ ਤੇ ਉਨ੍ਹਾਂ ਲਈ ਹੀ ਖੜ੍ਹੇ ਹਨ। ਆਰਜੇਡੀ ਉਮੀਦਵਾਰ ਹਸਨ ਜੋ ਕਿ ਪੰਜ ਵਰ੍ਹੇ ਪਹਿਲਾਂ ਦੂਜੇ ਨੰਬਰ ’ਤੇ ਰਹੇ ਸਨ, ਨੇ ਸੀਪੀਆਈ ਉਮੀਦਵਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਨ੍ਹੱਈਆ ਤੇ ਉਸ ਦੇ ਸਮਰਥਕ ‘ਝੂਠਾ ਪ੍ਰਚਾਰ’ ਕਰ ਰਹੇ ਹਨ ਕਿ ਉਸ ਨੇ ਕੁਮਾਰ ਦੇ ਸਮਰਥਨ ਦੀ ਆਖ਼ਰੀ ਸਮੇਂ ਅਪੀਲ ਕੀਤੀ ਹੈ। ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਇਸ ਤੋਂ ਪਹਿਲਾਂ ਕੁਮਾਰ ਦੇ ਪੱਖ ਵਿਚ ਹੀ ਸਨ ਪਰ ਬਾਅਦ ਵਿਚ ਪੁੱਤਰ ਤੇਜਸਵੀ ਯਾਦਵ ਦੇ ਕਹਿਣ ’ਤੇ ਉਨ੍ਹਾਂ ਉਮੀਦਵਾਰ ਖੜ੍ਹਾ ਕਰਨ ਦਾ ਫ਼ੈਸਲਾ ਕੀਤਾ।
INDIA ਸੱਤਾਧਾਰੀ ਅਮੀਰਾਂ ਦੇ ਨਾਲ, ਮੈਂ ਆਮ ਲੋਕਾਂ ਨਾਲ: ਕਨ੍ਹੱਈਆ