ਈਡਨ ਗਾਰਡਨ ਮੈਦਾਨ ਵਿੱਚ ਖੇਡੇ ਆਈਪੀਐੱਲ ਦੇ ਮੈਚ ਵਿੱਚ ਕੋਲਕਾਤਾ ਨੇ ਮੁੰਬਈ ਇੰਡੀਅਨਜ਼ ਨੂੰ 34 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਵੱਲੋਂ ਨਿਰਧਾਰਤ 233 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੁੰਬਈ ਦੀ ਟੀਮ ਵੀਹ ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 198 ਦੌੜਾਂ ਬਣਾ ਕੇ ਆਊਟ ਹੋ ਗਈ। ਆਂਦਰੇ ਰੱਸਲ ਨੇ 25 ਦੌੜਾਂ ਬਦਲੇ ਦੋ ਵਿਕਟਾਂ ਲੈ ਕੇ ਕੋਲਕਾਤਾ ਦੀ ਜਿੱਤ ਯਕੀਨੀ ਬਣਾਈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ਾਂ ਸ਼ੁਭਮਨ ਗਿੱਲ ਅਤੇ ਕ੍ਰਿਸ ਲਿਨ ਦੇ ਅਰਧ ਸੈਂਕੜਿਆਂ ਮਗਰੋਂ ਆਂਦਰੇ ਰੱਸਲ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਦੋ ਵਿਕਟਾਂ ’ਤੇ 232 ਦੌੜਾਂ ਬਣਾਈਆਂ, ਜੋ ਮੌਜੂਦਾ ਸੈਸ਼ਨ ਦਾ ਸਰਵੋਤਮ ਸਕੋਰ ਹੈ।
ਗਿੱਲ ਨੇ 45 ਗੇਂਦਾਂ ਵਿੱਚ ਚਾਰ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 76 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕ੍ਰਿਸ ਲਿਨ (54 ਦੌੜਾਂ) ਨਾਲ ਪਹਿਲੀ ਵਿਕਟ ਲਈ 96 ਦੌੜਾਂ ਦੀ ਭਾਈਵਾਲੀ ਵੀ ਕੀਤੀ। ਰੱਸਲ ਨੇ ਅਖ਼ੀਰ ਵਿੱਚ 40 ਗੇਂਦਾਂ ’ਤੇ ਅੱਠ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ ਨਾਬਾਦ 80 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡ ਕੇ ਸੈਸ਼ਨ ਦਾ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਟੀਮ ਦੀ ਮਦਦ ਕੀਤੀ।
ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ 31 ਮਾਰਚ ਨੂੰ ਰੌਇਲ ਚੈਲੰਜਰਜ਼ ਬੰਗਲੌਰ ਖ਼ਿਲਾਫ਼ ਦੋ ਵਿਕਟਾਂ ’ਤੇ 231 ਦੌੜਾਂ ਬਣਾਈਆਂ ਸਨ। ਮੁੰਬਈ ਇੰਡੀਅਲਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਮਗਰੋਂ ਗਿੱਲ ਅਤੇ ਲਿਨ ਦੀ ਜੋੜੀ ਨੇ ਕੇਕੇਆਰ ਨੂੰ ਚੰਗੀ ਸ਼ੁਰੂਆਤ ਦਿਵਾਈ। ਮੁੰਬਈ ਦੇ ਰਾਹੁਲ ਚਾਹੜ ਅਤੇ ਹਾਰਦਿਕ ਪਾਂਡਿਆ ਨੇ ਕ੍ਰਮਵਾਰ 54 ਅਤੇ 31 ਦੌੜਾਂ ਦੇ ਕੇ ਇੱਕ-ਇੱਕ ਵਿਕਟ ਲਈ। ਲਿਨ ਨੀਮ ਸੈਂਕੜਾ ਪੂਰਾ ਕਰਨ ਮਗਰੋਂ ਚਾਹੜ ਦੀ ਗੇਂਦ ’ਤੇ ਮਿਡ ਵਿਕਟ ’ਤੇ ਐਵਿਨ ਲੂਈਸ ਨੂੰ ਕੈਚ ਦੇ ਬੈਠਾ। ਗਿੱਲ ਨੇ ਲਸਿਥ ਮਲਿੰਗਾ ਦੀ ਗੇਂਦ ’ਤੇ ਦੋ ਚੌਕੇ ਮਾਰੇ, ਪਰ ਹਾਰਦਿਕ ਪਾਂਡਿਆ ਦੀ ਗੇਂਦ ’ਤੇ ਲੂਈਸ ਨੂੰ ਕੈਚ ਦੇ ਦਿੱਤਾ। ਇਸ ਦੇ ਨਾਲ ਹੀ ਰੱਸਲ ਨਾਲ ਉਸ ਦੀ 62 ਦੌੜਾਂ ਦੀ ਭਾਈਵਾਲੀ ਦਾ ਅੰਤ ਹੋਇਆ। ਰੱਸਲ ਅਤੇ ਕਪਤਾਨ ਦਿਨੇਸ਼ ਕਾਰਤਿਕ (ਨਾਬਾਦ 15 ਦੌੜਾਂ) ਨੇ ਇਸ ਤੋਂ ਬਾਅਦ ਪਾਰੀ ਨੂੰ ਅੱਗੇ ਵਧਾਇਆ।
Sports ਕੋਲਕਾਤਾ ਨੇ ਮੁੰਬਈ ਨੂੰ 34 ਦੌੜਾਂ ਨਾਲ ਹਰਾਇਆ