ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੀਆਂ ਹਲਕੇ ਅੰਦਰਲੀਆਂ ਚੋਣ ਰੈਲੀਆਂ ਵਿੱਚ ਅਕਾਲੀ ਆਗੂਆਂ ਦੀ ਗੈਰ ਮੌਜੂਦਗੀ ਗੱਠਜੋੜ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਤਾਰ ਤਾਰ ਕਰਦੀ ਨਜ਼ਰ ਆ ਰਹੀ ਹੈ। ਭਾਜਪਾਈਆਂ ਦੇ ਸੱਦੇ ’ਤੇ ਵੀ ਅਕਾਲੀ ਸੋਮ ਪ੍ਰਕਾਸ਼ ਦੀਆਂ ਰੈਲੀਆਂ ’ਚ ਨਹੀਂ ਬਹੁੜ ਰਹੇ। ਬੀਤੇ ਦਿਨ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਵਲੋਂ ਸ਼ਹਿਰ ਦੇ ਗੁਰਾਇਆ ਪੈਲੇਸ ਵਿੱਚ ਚੋਣ ਜਲਸਾ ਰੱਖਿਆ ਗਿਆ ਸੀ। ਇਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦੂਰ ਰਹੇ, ਜਦੋਂ ਕਿ ਮਹਿਜ਼ ਖਾਨਾਪੂਰਤੀ ਲਈ ਭਾਜਪਾ ਦੇ ਸਾਬਕਾ ਹਲਕਾ ਵਿਧਾਇਕ ਦੇ ਨੇੜਲੇ ਮੰਨੇ ਜਾਂਦੇ ਆਸਾ ਸਿੰਘ ਕੋਲੀਆਂ ਤੇ ਈਸ਼ਰ ਸਿੰਘ ਮੰਝਪੁਰ ਨੇ ਹੀ ਸ਼ਿਰਕਤ ਕੀਤੀ। ਇਲਾਕੇ ’ਚ ਅਕਾਲੀ ਦਲ ਦੇ ਵੱਡੇ ਚਿਹਰਿਆਂ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਚੱਕ, ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਬਲਵਿੰਦਰ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ, ਨਗਰ ਕੌਂਸਲ ਦੇ ਉੱਪ ਪ੍ਰਧਾਨ ਬਲਵਿੰਦਰ ਸਿੰਘ ਬੱਗੂ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਸਮੇਤ ਕਈ ਵੱਡੇ ਚਿਹਰੇ ਭਾਜਪਾ ਦੀ ਇਸ ਰੈਲੀ ਤੋਂ ਦੂਰ ਰਹੇ। ਆਪਸੀ ਰਿਸ਼ਤਿਆਂ ਵਿੱਚ ਦਰਾਰ ਦਾ ਕਾਰਨ ਪਿਛਲੇ ਸਮੇਂ ’ਚ ਮੁਕੇਰੀਆਂ ਤੇ ਗੜ੍ਹਦੀਵਾਲਾ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਭਾਜਪਾ ਵਲੋਂ ਕੀਤੀ ਆਪਸੀ ਵਿਰੋਧਤਾ ਦੱਸੀ ਜਾ ਰਹੀ ਹੈ। ਮੁਕੇਰੀਆਂ ਨਗਰ ਕੌਂਸਲ ਵਿੱਚ ਭਾਜਪਾ ਦਾ ਬਹੁਮਤ ਹੈ। ਇੱਥੇ ਭਾਜਪਾ ਦਾ ਉੱਪ ਪ੍ਰਧਾਨ ਤੇ ਅਕਾਲੀ ਦਲ ਦਾ ਉੱਪ ਪ੍ਰਧਾਨ ਬਣਾਇਆ ਹੋਇਆ ਹੈ। ਕੁਝ ਸਮਾਂ ਪਹਿਲਾਂ ਹੋਈ ਚੋਣ ਮੌਕੇ ਵਾਰਡ ਨੰਬਰ 14 ਤੋਂ ਅਕਾਲੀ ਕੌਂਸਲਰ ਬਲਵੀਰ ਸਿੰਘ ਬੱਗੂ ਰੰਧਾਵਾ ਨੂੰ ਉੱਪ ਪ੍ਰਧਾਨ ਚੁਣੇ ਜਾਣ ਮੌਕੇ ਕੁਝ ਭਾਜਪਾਈਆਂ ਨੇ ਇਸਦਾ ਵਿਰੋਧ ਕੀਤਾ ਸੀ। ਇਸੇ ਤਰ੍ਹਾਂ ਗੜਦੀਵਾਲਾ ਨਗਰ ਕੌਂਸਲ ਵਿੱਚ ਅਕਾਲੀ ਦਲ ਦਾ ਬਹੁਮਤ ਹੋਣ ਕਾਰਨ ਉਨ੍ਹਾਂ ਦੋਵੇਂ ਅਹੁਦੇ ਆਪਣੇ ਕੋਲ ਰੱਖ ਲਏ ਸਨ ਅਤੇ ਭਾਜਪਾਈ ਦੇਖਦੇ ਰਹਿ ਗਏ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇਹਾਤੀ ਸੰਜੀਵ ਮਿਨਹਾਸ ਨੇ ਕਿਹਾ ਕਿ ਰੈਲੀ ਵਿੱਚ ਆਉਣ ਲਈ ਅਕਾਲੀਆਂ ਨੂੰ ਸੱਦੇ ਲਗਾਏ ਸਨ, ਪਰ ਉਹ ਕਿਉਂ ਨਹੀਂ ਆਏ। ਇਸ ਬਾਰੇ ਅਕਾਲੀ ਆਗੂ ਹੀ ਦੱਸ ਸਕਦੇ ਹਨ। ਉਨ੍ਹਾਂ ਯੂਥ ਆਗੂ ਸਰਬਜੋਤ ਸਾਬੀ ਦਾ ਬਚਾਅ ਕਰਦਿਆਂ ਕਿਹਾ ਕਿ ਉਸਦੀ ਡਿਊਟੀ ਬਠਿੰਡਾ ਵਿੱਚ ਲੱਗੀ ਹੋਣ ਕਾਰਨ ਉਹ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ, ਦੂਜੇ ਆਗੂਆਂ ਦੇ ਵੀ ਕੁਝ ਰੁਝੇਵੇਂ ਹੋ ਸਕਦੇ ਹਨ।
INDIA ਸੋਮ ਪ੍ਰਕਾਸ਼ ਦੀਆਂ ਰੈਲੀਆਂ ’ਤੋਂ ਦੂਰ ਰਹੇ ਅਕਾਲੀ