ਦੇਸ਼ ਭਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਹੁਣ ਤੱਕ 543 ਮੈਂਬਰੀ ਲੋਕ ਸਭਾ ਵਿੱਚੋਂ 303 ਸੀਟਾਂ ਦੇ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਬੰਦ ਹੋ ਚੁੱਕੀ ਹੈ ਅਤੇ ਸੋਮਵਾਰ ਨੂੰ ਚੋਣਾਂ ਦੇ ਚੌਥੇ ਪੜਾਅ ਦੌਰਾਨ ਦੇਸ਼ ਦੇ ਲੋਕ ਰਹਿੰਦੀਆਂ 240 ਸੀਟਾਂ ਵਿੱਚੋਂ 72 ਲਈ ਆਪਣੇ ਉਮੀਦਵਾਰਾਂ ਦੀ ਚੋਣ ਲਈ ਮਤਦਾਨ ਦੀ ਵਰਤੋਂ ਕਰਨਗੇ। ਚੌਥੇ ਗੇੜ ਵਿੱਚ ਜਿਨ੍ਹਾਂ ਸੀਟਾਂ ਉੱਤੇ ਵੋਟਾਂ ਪੈ ਰਹੀਆਂ ਹਨ, ਉਨਾਂ ਵਿੱਚੋਂ ਕੌਮੀ ਜਮਹੂਰੀ ਗੱਠਜੋੜ ਕੋਲ 56 ਸੀਟਾਂ ਹਨ ਤੇ ਇਨ੍ਹਾਂ ਵਿੱਚੋਂ 45 ਭਾਜਪਾ ਕੋਲ ਹਨ। ਇਸ ਤਰ੍ਹਾਂ ਭਾਜਪਾ ਦਾ ਵੱਕਾਰ ਪੂਰੀ ਤਰ੍ਹਾਂ ਦਾਅ ਉੱਤੇ ਲੱਗਿਆ ਹੈ ਅਤੇ ਕਾਂਗਰਸ ਉਸਨੂੰ ਪੂਰੀ ਟੱਕਰ ਦੇ ਰਹੀ ਹੈ। ਭਲਕੇ 9 ਰਾਜਾਂ ਵਿੱਚ ਫੈਲੀਆਂ 71 ਸੀਟਾਂ ਵਿੱਚੋਂ ਬਹੁਤੀਆਂ ਹਿੰਦੀ ਭਾਸ਼ੀ ਖੇਤਰ ਵਿੱਚ ਪੈਂਦੀਆਂ ਹਨ ਅਤੇ ਇੱਕ ਸੀਟ ਅਨੰਤਨਾਗ ਜੰਮੂ ਕਸ਼ਮੀਰ’ਚ ਹੈ। ਇੱਥੇ ਭਾਜਪਾ ਕੋਲ ਵਧੇਰੇ ਸੀਟਾਂ ਹਨ। ਰਾਜਸਥਾਨ ਦੀਆਂ ਕੁੱਲ 13, ਉੱਤਰ ਪ੍ਰਦੇਸ਼ ਦੀਆਂ 12, ਮੱਧ ਪ੍ਰਦੇਸ਼ ਦੀਆਂ 6 ਵਿੱਚੋਂ 5, ਬਿਹਾਰ ਦੀਆਂ 5 ਵਿੱਚੋਂ 3, ਝਾਰਖੰਡ ਦੀਆਂ ਸਾਰੀਆਂ ਤਿੰਨ ਸੀਟਾਂ ਅਤੇ ਮਹਾਰਾਸ਼ਟਰ ਦੀਆਂ 17 ਵਿੱਚੋਂ 8 ਅਤੇ ਪੱਛਮੀ ਬੰਗਾਲ ਦੇ ਵਿੱਚ 8 ਵਿੱਚੋਂ ਇੱਕ ਸੀਟ ਭਾਜਪਾ ਕੋਲ ਹੈ। ਭਲਕੇ ਭਾਜਪਾ ਦਾ ਵੱਕਾਰ ਦਾਅ ਉੱਤੇ ਲੱਗਾ ਹੈ ਅਤੇ ਕਾਂਗਰਸ ਫਿਰ ਤੋਂ ਆਪਣੇ ਪੈਰ ਜਮਾਉਣ ਵਿੱਚ ਲੱਗੀ ਹੈ। ਕਾਂਗਰਸ ਦੀ ਪਿਛਲੀ ਵਾਰ ਇਨ੍ਹਾਂ ਖੇਤਰਾਂ ਦੇ ਵਿੱਚ ਹੀ ਵਧੇਰੇ ਦੁਰਦਸ਼ਾ ਹੋਈ ਸੀ ਅਤੇ ਉਸ ਨੂੰ ਸਿਰਫ ਦੋ ਸੀਟਾਂ ਮਿਲੀਆਂ ਸਨ। ਇਨ੍ਹਾਂ ਵਿੱਚੋਂ ਇੱਕ ਸੀਟ ਮੱਧ ਪ੍ਰਦੇਸ਼ ਅਤੇ ਇੱਕ ਪੱਛਮੀ ਬੰਗਾਲ ਵਿੱਚ ਮਿਲੀ ਸੀ। ਸੋਮਵਾਰ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਲੋਕਾਂ ਦੀਆਂ ਬੇਗੂਸਰਾਏ (ਬਿਹਾਰ) ਉੱਤੇ ਨਜ਼ਰਾਂ ਹੋਣਗੀਆਂ ਜਿੱਥੇ ਖੱਬੀਆਂ ਧਿਰਾਂ ਨਾਲ ਸਬੰਧਤ ਜੇਐੱਨਯੂ ਦਾ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਸਖਤ ਟੱਕਰ ਦੇ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਇੱਥੇ ਰਾਸ਼ਟਰੀ ਜਨਤਾ ਦਲ ਦਾ ਤਨਵੀਰ ਹਸਨ ਵੀ ਮੈਦਾਨ ਵਿੱਚ ਹੈ। ਚੌਥੇ ਗੇੜ ਵਿੱਚ ਦੋ ਮੁੱਖ ਮੰਤਰੀਆਂ ਅਸ਼ੋਕ ਗਹਿਲੋਤ ਅਤੇ ਕਮਲ ਨਾਥ ਦੇ ਲੜਕੇ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਪੁੱਤਰ ਦੀ ਕਿਸਮਤ ਦਾ ਵੀ ਫੈਸਲਾ ਹੋਣਾ ਹੈ।
HOME ਲੋਕ ਸਭਾ ਚੋਣਾਂ: ਚੌਥੇ ਗੇੜ ’ਚ 9 ਰਾਜਾਂ ਦੀਆਂ 72 ਸੀਟਾਂ ’ਤੇ...