ਏਸ਼ੀਅਨ ਅਥਲੈਟਿਕਸ: ਗੋਮਤੀ ਅਤੇ ਤੂਰ ਨੇ ਜਿੱਤੇ ਦੋ ਸੋਨ ਤਗ਼ਮੇ

ਭਾਰਤੀ ਅਥਲੀਟ ਗੋਮਤੀ ਮਾਰੀਮੁਤੁ ਨੇ ਮਹਿਲਾ 800 ਮੀਟਰ ਦੌੜ ਅਤੇ ਤਜਿੰਦਰਪਾਲ ਸਿੰਘ ਤੂਰ ਨੇ ਗੋਲਾ ਸੁਟਾਵੇ (20.20 ਮੀਟਰ) ਮੁਕਾਬਲੇ ’ਚ ਅੱਵਲ ਰਹਿੰਦਿਆਂ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਦੋ ਸੋਨ ਤਗ਼ਮੇ ਪਾਏ। ਭਾਰਤ ਨੇ ਅੱਜ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੰਜ ਤਗ਼ਮੇ ਜਿੱਤੇ ਹਨ, ਜਿਸ ਵਿੱਚ ਦੋ ਸੋਨੇ ਤੋਂ ਇਲਾਵਾ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਸ਼ਾਮਲ ਹਨ। 30 ਸਾਲ ਦੀ ਗੋਮਤੀ ਨੇ ਆਪਣਾ ਨਿੱਜੀ ਸਰਵੋਤਮ 2 ਮਿੰਟ 2.70 ਸੈਕਿੰਡ ਦਾ ਸਮਾਂ ਕੱਢਦਿਆਂ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ। ਇਸ ਤੋਂ ਬਾਅਦ ਸ਼ਿਵਪਾਲ ਸਿੰਘ ਨੇ ਪੁਰਸ਼ ਜੈਵਲਿਨ ਥਰੋਅ ਵਿੱਚ 86.23 ਮੀਟਰ ਦੀ ਦੂਰੀ ਨਾਲ ਚਾਂਦੀ ਜਿੱਤੀ। ਇਹ ਉਸ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਵੀ ਹੈ। ਸ਼ਿਵਪਾਲ ਨੇ 83 ਮੀਟਰ ਦੇ ਕੁਆਲੀਫਾਈਂਗ ਮਾਰਕ ਨੂੰ ਹਾਸਲ ਕਰਕੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ, ਜੋ ਸਤੰਬਰ-ਅਕਤੂਬਰ ਵਿੱਚ ਇਸੇ ਸਥਾਨ ’ਤੇ ਹੋਵੇਗੀ। ਜਬੀਰ ਮਦਰੀ ਪੱਲਿਆਲੀ ਅਤੇ ਸਰਿਤਾਬੇਨ ਗਾਇਕਵਾੜ ਨੇ ਕ੍ਰਮਵਾਰ ਪੁਰਸ਼ ਅਤੇ ਮਹਿਲਾ 400 ਮੀਟਰ ਅੜਿੱਕਾ ਦੌੜ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ।

Previous articleਬਿਸ਼ਟ ਤੇ ਪੰਘਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਜ਼ ’ਚ
Next articleਅੱਗ ਲੱਗਣ ਕਾਰਨ ਸਵਾ ਸੌ ਏਕੜ ਤੋਂ ਵੱਧ ਕਣਕ ਸੜੀ