ਮੀਂਹ ਅਤੇ ਝੱਖੜ ਨੇ ਪੱਕੀ ਹੋਈ ਕਣਕ ਦੀ ਫਸਲ ਖੇਤਾਂ ’ਚ ਵਿਛਾਈ

ਮਾਲਵਾ ਪੱਟੀ ਦੇ ਖੇਤਾਂ ਵਿਚ ਵਿਸਾਖੀ ਲੰਘਦਿਆਂ ਸਾਰ ਹੀ ਭਾਵੇਂ ਕਣਕ ਦੀ ਕੰਬਾਈਨਾਂ ਨਾਲ ਕਢਾਈ ਸ਼ੁਰੂ ਹੋ ਗਈ ਸੀ, ਪਰ ਅੱਧੀ ਰਾਤ ਤੋਂ ਮੌਸਮ ਦੇ ਮਿਜ਼ਾਜ ਵਿਗੜਣ ਅਤੇ ਆਏ ਝੱਖੜ ਮੀਂਹ ਨੇ ਕਿਸਾਨਾਂ ਦਾ ਕੰਮ-ਕਾਰ ਖਿਲਾਰ ਦਿੱਤਾ ਹੈ। ਮੀਂਹ ਕਾਰਨ ਕਣਕਾਂ ਨੇ ਸਲਾਬ ਫੜ ਲਈ ਹੈ, ਜਿਸ ਕਾਰਨ ਕਿਸੇ ਵੀ ਖੇਤ ਵਿਚ ਅੱਜ ਕੰਬਾਈਨ ਅਤੇ ਕਣਕ ਦੀ ਵਾਢੀ ਦਾ ਕੰਮ ਨਹੀਂ ਹੋ ਸਕਿਆ ਹੈ, ਜਦੋਂ ਕਿ ਹੱਥਾਂ ਨਾਲ ਖੇਤਾਂ ਵਿਚ ਵੱਢੀ ਪਈ ਕਣਕ ਨੂੰ ਤੇਜ਼ ਹਨ੍ਹੇਰੀਆਂ ਨੇ ਖਿਲਾਰ ਧਰਿਆ ਹੈ, ਜਿਸ ਦੇ ਤੀਲਾ-ਤੀਲਾ ਨੂੰ ਇਕੱਠਾ ਕਰਨ ਲਈ ਅੱਜ ਸਾਰਾ ਦਿਨ ਕਿਸਾਨ ਰੁੱਝਿਆ ਰਿਹਾ।ਵਿਗੜੇ ਮੌਸਮ ਨੇ ਕਣਕ ਦੇ ਨਾਲ ਹੀ ਜੌਂਅ,ਪਛੇਤੀ ਸਰੋਂ ਅਤੇ ਪਸ਼ੂਆਂ ਦੇ ਹਰੇ-ਚਾਰੇ ਦਾ ਵੀ ਨੁਕਸਾਨ ਕਰ ਦਿੱਤਾ ਹੈ। ਇਸ ਨੁਕਸਾਨ ਦੀ ਮਾਰ ਹੇਠ ਸਭ ਤੋਂ ਜ਼ਿਆਦਾ ਤਾਜ਼ਾ ਬੀਜੀਆਂ ਗਈਆਂ ਇਸ ਰੁੱਤ ਦੀਆਂ ਸਬਜ਼ੀਆਂ ਆਈਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਕੱਦੂ ਜਾਤੀਆਂ ਦੀਆਂ ਸਬਜ਼ੀਆਂ ਸ਼ਾਮਲ ਹਨ।ਮੌਸਮ ਮਹਿਕਮੇ ਵੱਲੋਂ ਅਗਲੇ 24 ਘੰਟਿਆਂ ਦੌਰਾਨ ਰਾਜ ਵਿਚ ਮੌਸਮ ਦੇ ਬੇਈਮਾਨ ਹੋਣ ਸੰਬੰਧੀ ਦਿੱਤੀ ਜਾਣਕਾਰੀ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਵਿਚ ਅਜਿਹਾ ਮੌਸਮ ਜਾਰੀ ਰਹਿੰਦਾ ਹੈ ਤਾਂ ਹਾੜੀ ਦੀਆਂ ਸਾਰੀਆਂ ਫ਼ਸਲਾਂ ਦਾ ਨੁਕਸਾਨ ਖੜ੍ਹਾ ਹੋ ਸਕਦਾ ਹੈ।

Previous articleਧੋਨੀ ਦੀ ਕਾਬਲੀਅਤ ਤੋਂ ਸਿੱਖਣ ਦੀ ਲੋੜ: ਸੋਢੀ
Next articleਬੇਮੌਸਮੇ ਮੀਂਹ ਤੇ ਝੱਖੜ ਕਾਰਨ ਕਣਕ ਦਾ ਨੁਕਸਾਨ