ਰਾਜਸਥਾਨ ਰੌਇਲਜ਼ ਲਈ ਖੇਡ ਰਹੇ ਨਿਊਜ਼ੀਲੈਂਡ ਦੇ ਲੈੱਗ ਸਪਿੰਨਰ ਈਸ਼ ਸੋਢੀ ਨੇ ਕਿਹਾ ਕਿ ਟੀ-20 ਮੈਚਾਂ ਦੇ ਹਾਲਾਤ ਨੂੰ ਕਾਬੂ ਰੱਖਣ ਦੀ ਮਹਿੰਦਰ ਸਿੰਘ ਧੋਨੀ ਦੀ ਕਾਬਲੀਅਤ ਤੋਂ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਟੀ-20 ਕ੍ਰਿਕਟ ਦੀ ਆਪਣੀ ਰਫ਼ਤਾਰ ਹੈ, ਪਰ ਧੋਨੀ ਵਿੱਚ ਇਸ ਨੂੰ ਘੱਟ ਕਰਨ ਦਾ ਹੁਨਰ ਹੈ। ਸੋਢੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਹਰ ਕਿਸੇ ਨੂੰ ਆਪਣੀ ਭੂਮਿਕਾ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ। ਖੇਡ ਦੀ ਰਫ਼ਤਾਰ ਨੂੰ ਘੱਟ ਕਰਨ ਦੀ ਕਲਾ ਬਾਰੇ ਮੈਂ ਧੋਨੀ ਨੂੰ ਵੇਖ ਕੇ ਸਿੱਖ ਰਿਹਾ ਹਾਂ। ਇਸ ਹੁਨਰ ਨੇ ਮੈਨੂੰ ਕੀਲ੍ਹ ਲਿਆ ਹੈ। ਉਸ ਨੂੰ ਆਪਣਾ ਟੀਚਾ ਹਾਸਲ ਕਰਨ ਬਾਰੇ ਪਤਾ ਹੁੰਦਾ ਹੈ, ਜਿਸ ਵਿੱਚ ਉਹ ਕਾਮਯਾਬ ਰਹਿੰਦੇ ਹਨ।’’ ਉਸ ਨੇ ਕਿਹਾ ਕਿ ਇਸ ਤਰ੍ਹਾਂ ਸਾਰੇ ਮੈਚ ਭਾਵੇਂ ਨਾ ਜਿੱਤੇ ਜਾ ਸਕਣ, ਪਰ ਸਖ਼ਤ ਟੱਕਰ ਦੇਣ ਵਿੱਚ ਮਦਦ ਮਿਲਦੀ ਹੈ। ਤਿੰਨੋ ਤਰ੍ਹਾਂ ਦੀ ਕ੍ਰਿਕਟ ਵਿੱਚ 123 ਕੌਮਾਂਤਰੀ ਵਿਕਟਾਂ ਲੈਣ ਦੇ ਬਾਵਜੂਦ ਸੋਢੀ ਖ਼ੁਦ ਨੂੰ ਅਨੁਭਵਹੀਣ ਮੰਨਦਾ ਹੈ। 26 ਸਾਲ ਦੇ ਇਸ ਖਿਡਾਰੀ ਨੇ ਕਿਹਾ, ‘‘ਮੈਂ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹਾਂ। ਮੈਂ ਲੰਬੇ ਸਮੇਂ ਤੱਕ ਰਾਜਸਥਾਨ ਰੌਇਲਜ਼ ਅਤੇ ਨਿਊਜ਼ੀਲੈਂਡ ਲਈ ਚੰਗਾ ਖੇਡਣਾ ਚਾਹੁੰਦਾ ਹਾਂ। ਮੇਰਾ ਟੀਚਾ ਲੰਬਾ ਸਮਾਂ ਖੇਡਣਾ ਹੈ।’’
Sports ਧੋਨੀ ਦੀ ਕਾਬਲੀਅਤ ਤੋਂ ਸਿੱਖਣ ਦੀ ਲੋੜ: ਸੋਢੀ