ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਸੰਤੋਸ਼ ਟਰਾਫ਼ੀ ਦੇ ਚੱਲ ਰਹੇ ਮੁਕਾਬਲੇ ਹੌਲੀ-ਹੌਲੀ ਆਪਣੇ ਸਿਖ਼ਰ ਵੱਲ ਨੂੰ ਵਧ ਰਹੇ ਹਨ। ਪੂਲ ‘ਏ’ ਦੇ ਅੱਜ ਹੋਏ ਮੁਕਾਬਲਿਆਂ ਵਿੱਚ ਦਿੱਲੀ ਨੇ ਉੜੀਸਾ ਨੂੰ 2-1 ਨਾਲ, ਜਦਕਿ ਗੋਆ ਨੇ ਮੇਘਾਲਿਆ ਨੂੰ ਇਨ੍ਹੇ ਹੀ ਫ਼ਰਕ ਨਾਲ ਹਰਾਇਆ। ਪੂਲ ‘ਬੀ’ ਵਿੱਚੋਂ ਸੈਮੀ-ਫਾਈਨਲ ਵਾਲੀਆਂ ਦੋ ਟੀਮਾਂ ਦੀ ਚੋਣ ਲਈ ਮੁਕਾਬਲੇ ਬੁੱਧਵਾਰ ਨੂੰ ਖੇਡੇ ਜਾਣਗੇ। ਇਸ ਦੇ ਲਈ ਕਰਨਾਟਕ ਤੇ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗਆਂ।
ਸੰਤੋਸ਼ ਟਰਾਫ਼ੀ ਦੇ ਮੁਕਾਬਲੇ ਇੱਥੇ ਬੀਤੀ ਅੱਠ ਅਪਰੈਲ ਤੋਂ ਚੱਲ ਰਹੇ ਹਨ, ਜਿਨ੍ਹਾਂ ਦਾ ਫਾਈਨਲ 21 ਅਪਰੈਲ ਨੂੰ ਹੋਵੇਗਾ। ਸੋਮਵਾਰ ਰਾਤ ਪਏ ਮੀਂਹ ਕਾਰਨ ਮੌਸਮ ਦੇ ਨਾਲ ਨਾਲ ਦਿੱਲੀ ਅਤੇ ਓੜੀਸਾ ਦੇ ਖਿਡਾਰੀਆਂ ਦੇ ਜੋਸ਼ ਵਿੱਚ ਵੀ ਕੁੱਝ ਠੰਢਕ ਵੇਖਣ ਨੂੰ ਮਿਲੀ। ਦਿੱਲੀ ਦੀ ਟੀਮ ਨੇ ਇਹ ਮੈਚ 2-1 ਦੇ ਫ਼ਰਕ ਨਾਲ ਜਿੱਤਿਆ। ਹਾਲਾਂਕਿ ਇਹ ਜਿੱਤ ਵੀ ਉਸ ਨੂੰ ਸੈਮੀ ਫਾਈਨਲ ਤੱਕ ਲਿਜਾ ਨਹੀਂ ਸਕੀ। ਜੇਤੂ ਟੀਮ ਵੱਲੋਂ ਦੋਵੇਂ ਗੋਲ ਆਯੂਸ਼ ਅਧਿਕਾਰੀ ਨੇ ਕੀਤੇ, ਜਦਕਿ ਓੜੀਸਾ ਵੱਲੋਂ ਚੰਦਰਾ ਮੁਡੂਲੀ ਨੇ 10ਵੇਂ ਮਿੰਟ ਵਿੱਚ ਗੋਲ ਦਾਗ਼ਿਆ। ਦਿੱਲੀ ਦੀ ਟੀਮ ਲੀਗ ਦੇ ਚਾਰ ਮੈਚਾਂ ਵਿੱਚੋਂ ਸਿਰਫ਼ ਦੋ ਵਿੱਚ ਹੀ ਜਿੱਤ ਦਰਜ ਕਰ ਸਕੀ ਹੈ, ਜਦਕਿ ਦੋ ਮੈਚਾਂ ’ਚ ਉਸ ਨੂੰ ਹਾਰ ਝੱਲਣੀ ਪਈ। ਇਸ ਜਿੱਤ ਨਾਲ ਦਿੱਲੀ ਦੇ ਕੁੱਲ ਛੇ ਅੰਕ ਹੋ ਗਏ ਹਨ।
ਦੂਜੇ ਮੈਚ ਵਿੱਚ ਗੋਆ ਦਰਜ ਕੀਤੀ ਜਿੱਤ ਵਿੱਚ ਚੇਤਨ ਨੇ 40ਵੇਂ ਅਤੇ ਵਿਕਟੋਰੀਨੋ ਨੇ 58ਵੇਂ ਮਿੰਟ ’ਚ ਗੋਲ ਕੀਤੇ, ਜਦਕਿ ਮੇਘਾਲਿਆ ਵੱਲੋਂ ਡੋਨਬੋਰਲਾਂਗ ਨੇ 30ਵੇਂ ਮਿੰਟ ਪੈਨਲਟੀ ਰਾਹੀਂ ਟੀਮ ਦਾ ਖਾਤਾ ਖੋਲ੍ਹਿਆ। ਇਸ ਜਿੱਤ ਨਾਲ ਗੋਆ ਦੇ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ, ਇੱਕ ਡਰਾਅ ਨਾਲ ਕੁੱਲ 10 ਅੰਕ ਹੋ ਗਏ ਹਨ। ਮੇਘਾਲਿਆ ਦੀ ਟੀਮ ਚਾਰ ਮੈਚਾਂ ਵਿੱਚੋਂ ਸਿਰਫ਼ ਇੱਕ ਹੀ ਮੈਚ ਜਿੱਤ ਸਕੀ। ਅੰਕ ਸੂਚੀ ਵਿੱਚ ਉਸ ਦੇ ਤਿੰਨ ਅੰਕ ਹਨ।
ਪੂਲ ‘ਬੀ’ ਵਿੱਚੋਂ ਦੋ ਟੀਮਾਂ ਹੀ ਸੈਮੀ -ਫਾਈਨਲ ਵਿੱਚ ਪਹੁੰਚ ਸਕਦੀਆਂ ਹਨ। ਇਸ ਲਈ ਮਹਾਰਾਸ਼ਟਰਾ ਤੇ ਸਿੱਕਿਮ ਅਤੇ ਕਰਨਾਟਕ ਤੇ ਪੰਜਾਬ ਦੀਆਂ ਟੀਮਾਂ ਅਗਲੇ ਗੇੜ ਲਈ ਆਹਮੋ-ਸਾਹਮਣੇ ਹੋਣਗੀਆਂ। ਪੂਲ ‘ਏ’ ਅਤੇ ‘ਬੀ’ ਵਿੱਚੋਂ ਪਹਿਲੀਆਂ ਦੋ-ਦੋ ਟੀਮਾਂ ਦੇ ਸੈਮੀ ਫਾਈਨਲ ਮੁਕਾਬਲੇ ਸ਼ੁੱਕਰਵਾਰ ਨੂੰ ਕਰਵਾਏ ਜਾਣਗੇ। ਪਹਿਲੇ ਸੈਮੀ- ਫਾਈਨਲ ਮੁਕਾਬਲੇ ’ਚ ਪੂਲ ‘ਏ’ ਦੀ ਜੇਤੂ ਟੀਮ ਦਾ ਮੁਕਾਬਲਾ ਪੂਲ ‘ਬੀ’ ਦੀ ਰਨਰਅਪ ਟੀਮ ਨਾਲ ਜਦਕਿ ਦੂਜੇ ਸੈਮੀ ਫਾਈਨਲ ’ਚ ਪੂਲ ‘ਬੀ’ ਦੀ ਜੇਤੂ ਟੀਮ ਦਾ ਮੁਕਾਬਲਾ ਪੂਲ ‘ਏ’ ਦੀ ਰਨਰਅਪ ਟੀਮ ਨਾਲ ਹੋਵੇਗਾ। ਇਨ੍ਹਾਂ ਦੋਵਾਂ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੀਆਂ ਦੋ ਟੀਮਾਂ ਦਾ 21 ਅਪਰੈਲ ਨੂੰ ਫਾਈਨਲ ਮੁਕਾਬਲਾ ਇਸੇ ਹੀ ਮੈਦਾਨ ’ਤੇ ਖੇਡਿਆ ਜਾਵੇਗਾ। ਪੂਲ ‘ਏ’ ਵਿੱਚ ਸਰਵਿਸਿਜ਼, ਗੋਆ, ਦਿੱਲੀ, ਮੇਘਾਲਿਆ ਅਤੇ ਓੜੀਸਾ ਦੀਆਂ ਟੀਮਾਂ ਹਨ, ਜਦਕਿ ਪੂਲ ‘ਬੀ’ ਵਿੱਚ ਕਰਨਾਟਕ, ਅਸਾਮ, ਪੰਜਾਬ, ਮਹਾਰਾਸ਼ਟਰਾ ਅਤੇ ਸਿੱਕਿਮ ਦੀਆਂ ਟੀਮਾਂ ਰੱਖੀਆਂ ਗਈਆਂ ਹਨ।
Sports ਸੰਤੋਸ਼ ਟਰਾਫ਼ੀ: ਦਿੱਲੀ ਤੇ ਗੋਆ ਵੱਲੋਂ ਜਿੱਤਾਂ ਦਰਜ