ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਲਖ਼ਨਊ ਲੋਕ ਸਭਾ ਸੀਟ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ। ਇਸ ਸੀਟ ’ਤੇ ਪੰਜਵੇਂ ਗੇੜ ਵਿਚ ਛੇ ਮਈ ਨੂੰ ਵੋਟਾਂ ਪੈਣਗੀਆਂ। ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵਿਚ ਦਸਤਾਵੇਜ਼ ਜਮ੍ਹਾਂ ਕਰਵਾਉਣ ਵੇਲੇ ਕੇਂਦਰੀ ਗ੍ਰਹਿ ਮੰਤਰੀ ਨਾਲ ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਮਹੇਂਦਰ ਨਾਥ ਪਾਂਡੇ, ਸੂਬੇ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਕਲਰਾਜ ਮਿਸ਼ਰ ਵੀ ਹਾਜ਼ਰ ਸਨ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਕੌਸ਼ਲਰਾਜ ਸ਼ਰਮਾ ਨੂੰ ਆਪਣਾ ਚੋਣ ਹਲਫ਼ਨਾਮਾ ਸੌਂਪਿਆ। ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਰੋਡ ਸ਼ੋਅ ਵੀ ਕੀਤਾ। ਰੋਡ ਸ਼ੋਅ ਰਾਜਧਾਨੀ ਦੇ ਕੇਂਦਰੀ ਹਿੱਸੇ ਹਜ਼ਰਤਗੰਜ ਵਿਚੋਂ ਦੀ ਗੁਜ਼ਰਿਆ। ਭਾਜਪਾ ਵਰਕਰਾਂ ਤੋਂ ਇਲਾਵਾ ਇਸ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਰਾਜਨਾਥ ਸਿੰਘ ਰੋਡ ਸ਼ੋਅ ਦੌਰਾਨ ਹਜ਼ਰਤਗੰਜ ਸਥਿਤ ਹਨੂੰਮਾਨ ਮੰਦਰ ਵੀ ਗਏ ਤੇ ਪੂਜਾ ਕੀਤੀ। ਰੋਡ ਸ਼ੋਅ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਾਜਨਾਥ ਲਖ਼ਨਊ ਲੋਕ ਸਭਾ ਹਲਕੇ ਤੋਂ ਦੂਜੀ ਵਾਰ ਜਿੱਤ ਦਰਜ ਕਰਨ ਦੇ ਆਸਵੰਦ ਹਨ। ਦਕਸ਼ਿਨਮੁਖੀ ਹਨੂੰਮਾਨ ਮੰਦਰ ਤੋਂ ਇਲਾਵਾ ਗ੍ਰਹਿ ਮੰਤਰੀ ਹਨੂੰਮਾਨ ਸੇਤੂ ਮੰਦਰ ਵੀ ਗਏ ਤੇ ਪੂਜਾ ਕੀਤੀ। ਰਾਜਨਾਥ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ 10 ਸੂਬਿਆਂ ਵਿਚ ਗਏ ਹਨ ਤੇ ਨਰਿੰਦਰ ਮੋਦੀ ਨੂੰ ਲੋਕ ਮੁੜ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਰਾਜਨਾਥ ’ਤੇ ਰੋਡ ਸ਼ੋਅ ਦੌਰਾਨ ਫੁੱਲਾਂ ਦੀ ਵਰਖ਼ਾ ਕੀਤੀ ਗਈ।
HOME ਰਾਜਨਾਥ ਨੇ ਲਖ਼ਨਊ ਤੋਂ ਕਾਗਜ਼ ਦਾਖ਼ਲ ਕੀਤੇ