ਏਹੁ ਹਮਾਰਾ ਜੀਵਣਾ ਹੈ -80

(ਸਮਾਜ ਵੀਕਲੀ)

ਪ੍ਰੀਤਮ ਕੌਰ ਅੱਜ ਵਿਹੜੇ ਵਿੱਚ ਮੰਜੇ ਤੇ ਪਈ ਕਾਲ਼ੀ ਹਨੇਰੀ ਰਾਤ ਵਿੱਚ ਉੱਪਰ ਨੂੰ ਅਕਾਸ਼ ਵੱਲ ਬਿਟ ਬਿਟ ਤੱਕਦੀ ਦੇ ਆਪ ਮੁਹਾਰੇ ਹੀ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਹਿ ਰਹੇ ਸਨ ਤੇ ਅਕਾਸ਼ ਬਿਲਕੁਲ ਧੁੰਦਲਾ ਜਿਹਾ ਲੱਗ ਰਿਹਾ ਸੀ। ਪਿਛਲੇ ਦਸ ਦਿਨਾਂ ਤੋਂ ਘਰ ਵਿੱਚ ਸੱਥਰ ਵਿਛੇ ਹੋਣ ਕਰਕੇ ਰੋ ਰੋ ਕੇ ਵੀ ਸਿਰ ਪੋਲਾ ਹੋਇਆ ਪਿਆ ਸੀ।ਸਿਰ ਵਿੱਚ ਚੀਸਾਂ ਦੀ ਟਸ ਟਸ ਇਸ ਤਰ੍ਹਾਂ ਵੱਜ ਰਹੀ ਸੀ ਜਿਵੇਂ ਕੋਈ ਹਥੌੜੇ ਮਾਰ ਰਿਹਾ ਹੋਵੇ। ਕੰਨਾਂ ਵਿੱਚ ਕੀਰਨਿਆਂ ਵੈਣਾਂ ਦੀਆਂ ਅਵਾਜ਼ਾਂ ਗੂੰਜ ਰਹੀਆਂ ਸਨ। ਮਨ ਵਿੱਚ ਉਹੀ ਭਿਆਨਕ ਤਸਵੀਰਾਂ ਇੱਕ ਫਿਲਮ ਵਾਂਗ ਘੁੰਮ ਰਹੀਆਂ ਸਨ ਜੋ ਘਟਨਾਵਾਂ ਘਰ ਵਿੱਚ ਵਾਪਰ ਰਹੀਆਂ ਸਨ। ਐਨੀਆਂ ਭਿਆਨਕ ਤਸਵੀਰਾਂ ਕਿ ਕਦੇ ਜ਼ਿੰਦਗੀ ਵਿੱਚ ਨਹੀਂ ਸੋਚਿਆ ਸੀ ਕਿ ਇਹ ਕੁਝ ਵੀ ਵਾਪਰ ਜਾਵੇਗਾ।ਉਹ ਇਸ ਡਰਾਉਣੇ ਦ੍ਰਿਸ਼ ਲਈ ਕਿਤੇ ਨਾ ਕਿਤੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੀ ਹੋਈ ਬਹੁਤ ਪਛਤਾ ਰਹੀ ਸੀ।

ਅੱਜ ਉਸ ਦੇ ਜੇਠ ਤੇ ਜਠਾਣੀ ਦਾ ਭੋਗ ਪਿਆ ਸੀ। ਸਾਰੀਆਂ ਜ਼ਿੰਮੇਵਾਰੀਆਂ ਪ੍ਰੀਤਮ ਕੌਰ ਨੇ ਆਪ ਹੀ ਨਿਭਾਈਆਂ ਸਨ।ਚਾਹੇ ਵੱਡਾ ਮੁੰਡਾ ਤੇ ਕੁੜੀ ਬਾਹਰੋਂ ਆ ਗਏ ਸਨ ਪਰ ਉਹ ਆਪਣੇ ਮਾਪਿਆਂ ਦੀ ਇਸ ਤਰ੍ਹਾਂ ਹੋਈ ਮੌਤ ਤੇ ਘਰ ਦੇ ਇੰਝ ਬਰਬਾਦ ਹੋ ਜਾਣ ਕਾਰਨ ਬੌਂਦਲੇ ਪਏ ਸਨ , ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਵਾਰ ਵਾਰ ਥਾਣੇ ਦੇ ਚੱਕਰ ਕੱਟਣੇ ਪੈ ਰਹੇ ਸਨ।ਕਦੇ ਪੁਲਿਸ ਘਰ ਆ ਜਾਂਦੀ ਤੇ ਕਦੇ ਇਹਨਾਂ ਨੂੰ ਥਾਣੇ ਬੁਲਾ ਲੈਂਦੀ।

ਪ੍ਰੀਤਮ ਕੌਰ ਮੰਜੇ ਤੇ ਪਈ ਉਸ ਸਮੇਂ ਬਾਰੇ ਸੋਚ ਰਹੀ ਸੀ ਜਦੋਂ ਉਸ ਦੀ ਜਠਾਣੀ ਦਾ ਵੱਡਾ ਮੁੰਡਾ ਦਸ ਵਰ੍ਹਿਆਂ ਦਾ ਤੇ ਕੁੜੀ ਸੱਤ ਵਰ੍ਹਿਆਂ ਦੇ ਸਨ।ਉਸ ਦੀ ਜਠਾਣੀ ਮਹਿੰਦਰ ਕੌਰ ਨੇ ਆਪਣੇ ਢਿੱਡ ਵਿੱਚ ਪਲਣ ਵਾਲੇ ਅਣਚਾਹੇ ਬੱਚੇ ਬਾਰੇ ਉਸ ਨੂੰ ਦੱਸਿਆ ਕਿ ਉਹ ਆਪਣੇ ਤੀਜੇ ਬੱਚੇ ਦਾ ਗਰਭਪਾਤ ਕਰਵਾਉਣ ਜਾ ਰਹੀ ਹੈ ਕਿਉਂਕਿ ਉਹ ਆਪਣੇ ਦੋ ਬੱਚਿਆਂ ਦੀ ਹੀ ਚੰਗੀ ਪਰਵਰਿਸ਼ ਕਰਨਾ ਚਾਹੁੰਦੇ ਸਨ ਤੇ ਐਨੀ ਦੇਰ ਬਾਅਦ ਬੱਚੇ ਨੂੰ ਜਨਮ ਦੇਣ ਵਿੱਚ ਸ਼ਰਮ ਮਹਿਸੂਸ ਹੋ ਰਹੀ ਸੀ।ਪਰ ਪ੍ਰੀਤਮ ਕੌਰ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ ਤੇ ਸਮਝਾਉਂਦਿਆਂ ਕਿਹਾ ਸੀ,” ਭੈਣ ਜੀ ,ਹੁਣ ਜਿਹੜਾ ਜੀਅ ਆਉਣਾ ਚਾਹੁੰਦਾ ਹੈ ਦੁਨੀਆ ਵਿੱਚ,ਉਸ ਨੂੰ ਨੀ ਮੋੜੀਦਾ ….ਓਹਨੇ ਆਪਣੇ ਕਰਮ ਖਾਣੇ ਨੇ …. ਨਾਲ਼ੇ ਭੈਣ ਜੀ ਇਹ ਪਾਪ ਨਾ ਕਰੋ…..ਇਹਦੇ ਹੋਏ ਤੋਂ ਬਾਅਦ ਸਿੱਧਾ ਅਪਰੇਸ਼ਨ ਈ ਕਰਵਾ ਦਿਓ।” ਉਸ ਦੀ ਜਠਾਣੀ ਨੇ ਉਸ ਦੀ ਗੱਲ ਮੰਨ ਲਈ ਸੀ ਤੇ ਤੀਜਾ ਜਵਾਕ ਵੀ ਮੁੰਡਾ ਹੋਇਆ। ਵੱਡੇ ਬੱਚੇ ਬਹੁਤ ਲਾਇਕ ਸਨ ਅਤੇ ਪੜ੍ਹ ਲਿਖ ਕੇ ਬਾਹਰ ਚਲੇ ਗਏ ਸਨ । ਪਰ ਛੋਟਾ ਨਸ਼ਿਆਂ ਅਤੇ ਮਾੜੀ ਸੰਗਤ ਵਿੱਚ ਪੈ ਗਿਆ ਸੀ। ਵੱਡੇ ਜਵਾਕਾਂ ਵੱਲੋਂ ਜਿੰਨੇ ਉਹ ਸੁਖੀ ਸਨ ਇਸ ਛੋਟੇ ਤੋਂ ਓਨੇ ਹੀ ਦੁਖੀ ਸਨ।

ਜਿਸ ਦਿਨ ਇਹ ਭਾਣਾ ਵਰਤਿਆ ਉਸ ਦਿਨ ਦੀ ਗੱਲ ਹੈ ਕਿ ਬਾਹਰੋਂ ਆਉਂਦੇ ਨੇ ਹੀ ਛੋਟੇ ਮੁੰਡੇ ਨੇ ਨਸ਼ੇ ਲਈ ਪੈਸੇ ਮੰਗੇ ਤਾਂ ਉਸ ਦੇ ਮਾਂ ਬਾਪ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ।ਉਸ ਨੇ ਕਲੇਸ਼ ਪਾਇਆ,ਘਰ ਦੀਆਂ ਚੀਜ਼ਾਂ ਦੀ ਭੰਨ ਤੋੜ ਕੀਤੀ ਜਦ ਫੇਰ ਵੀ ਮਾਪਿਆਂ ਨੇ ਉਸ ਨੂੰ ਨਸ਼ੇ ਲਈ ਪੈਸੇ ਨਾ ਦਿੱਤੇ ਤਾਂ ਪਹਿਲਾਂ ਪਿਓ ਦੇ‌ ਸਿਰ ਤੇ ਗੋਲੀ ਮਾਰੀ ਤੇ ਫਿਰ ਮਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।‌‌ ਜਦ ਤੱਕ ਪ੍ਰੀਤਮ ਕੌਰ ਤੇ ਉਸ ਦਾ ਪਤੀ ਤੇ ਪਿੰਡ ਦੇ ਦੋ ਚਾਰ ਬੰਦੇ ਉਹਨਾਂ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਉਦੋਂ ਤੱਕ ਉਹ ਮਰ ਗਏ ਸਨ। ਛੋਟੇ ਮੁੰਡੇ ਨੂੰ ਪੁਲਿਸ ਫ਼ੜ ਕੇ ਲੈ ਗਈ ਸੀ ।

ਪ੍ਰੀਤਮ ਕੌਰ ਆਪਣੇ ਵੱਡੇ ਭਰਾਵਾਂ ਵਰਗੇ ਜੇਠ ਅਤੇ ਜਠਾਣੀ ਦੀ ਮੌਤ ਦੇ ਸਦਮੇ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੀ ਸੀ।ਉਹ ਆਪਣੇ ਆਪ ਨੂੰ ਵਾਰ ਵਾਰ ਕੋਸ ਰਹੀ ਸੀ,ਉਹ ਉਸ ਸਮੇਂ ਨੂੰ ਕੋਸ ਰਹੀ ਸੀ ਜਦ ਉਸ ਨੇ ਆਪਣੀ ਜਠਾਣੀ ਨੂੰ ਇਹ ਬੱਚਾ ਪੈਦਾ ਕਰਨ ਦੀ ਸਲਾਹ ਦਿੱਤੀ ਸੀ। ਜੇ ਇਹ ਉਦੋਂ ਉਨ੍ਹਾਂ ਨੂੰ ਆਪਣੀ ਸਲਾਹ ਨਾ ਦਿੰਦੀ ਤਾਂ ਐਨਾ ਵੱਡਾ ਭਾਣਾ ਵੀ ਨਾ ਵਰਤਦਾ।ਉਹ ਜਾਣਦੀ ਸੀ ਕਿ ਚਾਹੇ ਸਾਰਾ ਕੁਝ ਹੁੰਦਾ ਪਰਮਾਤਮਾ ਦੀ ਮਰਜ਼ੀ ਨਾਲ ਹੈ ਪਰ ਇਸ ਸਮੇਂ ਉਸ ਨੂੰ ਇਹ ਗੱਲ ਘੁਣ ਵਾਂਗ ਅੰਦਰੋਂ ਅੰਦਰ ਖਾਈ ਜਾ ਰਹੀ ਸੀ ਤੇ ਉਸ ਦੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਸੀ। ਸਵੇਰ ਹੋਈ, ਗੁਰਦੁਆਰੇ ਤੋਂ ਭਾਈ ਜੀ ਦੀ ਅਵਾਜ਼ ਕੰਨੀਂ ਪਈ।ਉਹ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰੇ ਮੱਥਾ ਟੇਕਣ ਗਈ ਤਾਂ ਉਸ ਦੇ ਕੰਨੀਂ ਪਏ:-
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥

ਗੁਰਬਾਣੀ ਸੁਣ ਕੇ ਪ੍ਰੀਤਮ ਕੌਰ ਦੇ ਮਨ ਨੂੰ ਧਰਵਾਸ ਆਇਆ ਤੇ ਜੋ ਮਨ ਵਿੱਚ ਪਛਤਾਵੇ ਦੀ ਅੱਗ ਜਲ ਰਹੀ ਸੀ ਉਹ ਸ਼ਾਂਤ ਹੋ ਗਈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਕੀਰ ਦਾਰਾ
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ?- ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ (ੳ) ਅੱਖਰ ਦੀ ਸਥਿਤੀ