ਦਿੱਲੀ ਕੈਪੀਟਲਜ਼ ਦੀ ਟੀਮ ਨੇ ਇੱਥੇ ਖੇਡੇ ਆਈਪੀਐੱਲ ਦੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਕੋਲਕਾਤਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਦਿੱਤਾ ਸੀ।ਇਸ ਦੇ ਜਵਾਬ ਵਿੱਚ ਦਿੱਲੀ ਨੇ ਸ਼ਿਖ਼ਰ ਧਵਨ ਦੀਆਂ ਨਾਬਦ 97 ਦੌੜਾਂ ਸਦਕਾ 18.5 ਓਵਰਾਂ ਵਿੱਚ 180 ਦੌੜਾਂ ਬਣਾ ਕੇ ਇਹ ਟੀਚਾ ਹਾਸਲ ਕਰ ਲਿਆ।ਰਿਸ਼ਭ ਪੰਤ (46) ਨੇ ਧਵਨ ਨਾਲ ਮਿਲ ਕੇ 105 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਇਸ ਤੋਂ ਪਹਿਲਾਂ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੇ ਨੀਮ ਸੈਂਕੜੇ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਖ਼ਿਲਾਫ਼ ਸੱਤ ਵਿਕਟਾਂ ’ਤੇ 178 ਦੌੜਾਂ ਬਣਾਈਆਂ। ਗਿੱਲ ਨੇ 29 ਗੇਂਦਾਂ ’ਤੇ 65 ਦੌੜਾਂ ਦੀ ਪਾਰੀ ਖੇਡੀ। ਉਸ ਨੇ ਰੌਬਿਨ ਉਥੱਪਾ (30 ਗੇਂਦਾਂ ’ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਕੀਤੀ। ਰੱਸਲ ਨੇ 21 ਗੇਂਦਾਂ ’ਤੇ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 45 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਨ੍ਹਾਂ ਵਿੱਚ ਉਸ ਨੇ 26 ਦੌੜਾਂ ਸਿਰਫ਼ ਰਬਾਡਾ ਦੀਆਂ ਨੌਂ ਗੇਂਦਾਂ ’ਤੇ ਬਣਾਈਆਂ। ਦਿੱਲੀ ਵੱਲੋਂ ਕ੍ਰਿਸ ਮੌਰਿਸ, ਰਬਾਡਾ ਅਤੇ ਕੀਮੋ ਪਾਲ ਨੇ ਦੋ-ਦੋ ਵਿਕਟਾਂ ਲਈਆਂ, ਪਰ ਇਸ਼ਾਂਤ ਸ਼ਰਮਾ (21 ਦੌੜਾਂ ਦੇ ਕੇ ਇੱਕ ਵਿਕਟ) ਨੇ ਕੇਕੇਆਰ ਨੂੰ ਸ਼ੁਰੂ ਵਿੱਚ ਰੋਕੀ ਰੱਖਿਆ। ਇਸ਼ਾਂਤ ਨੇ ਪਾਰੀ ਦੀ ਪਹਿਲੀ ਗੇਂਦ ’ਤੇ ਜੋ ਡੇਨਲੀ ਨੂੰ ਸਟੰਪ ਆਊਟ ਕਰਵਾਇਆ। ਇਸ ਤੋਂ ਬਾਅਦ ਉਥੱਪਾ ਅਤੇ ਗਿੱਲ ਨੇ ਰਣਨੀਤਕ ਬੱਲੇਬਾਜ਼ੀ ਕੀਤੀ। ਉਥੱਪਾ ਨੇ ਅਨੁਭਵ ਦੀ ਚੰਗੀ ਵਰਤੋਂ ਕੀਤੀ। ਰਿਸ਼ਭ ਪੰਤ ਨੇ ਕੈਗਿਸੋ ਰਬਾਡਾ ਦੀ ਗੇਂਦ ’ਤੇ ਉਥੱਪਾ ਦਾ ਕੈਚ ਲਿਆ। ਇਸ ਮਗਰੋਂ ਗਿੱਲ ਨੇ ਨਿਤੀਸ਼ ਰਾਣਾ (12 ਗੇਂਦਾਂ ’ਤੇ 11 ਦੌੜਾਂ) ਨਾਲ ਪਾਰੀ ਖੇਡੀ। ਅਕਸਰ ਨੇ ਪਾਲ ਦੀ ਗੇਂਦ ’ਤੇ ਕੈਚ ਲੈ ਕੇ ਗਿੱਲ ਨੂੰ ਬਾਹਰ ਦਾ ਰਸਤਾ ਵਿਖਾਇਆ। ਰਬਾਡਾ ਨੇ ਕਪਤਾਨ ਦਿਨੇਸ਼ ਕਾਰਤਿਕ (ਦੋ ਦੌੜਾਂ) ਨੂੰ ਵੀ ਆਉਂਦਿਆਂ ਹੀ ਪੈਵਿਲੀਅਨ ਭੇਜਿਆ। ਰੱਸਲ 13ਵੇਂ ਓਵਰ ਵਿੱਚ ਮੈਦਾਨ ’ਤੇ ਉਤਰਿਆ ਅਤੇ 16ਵੇਂ ਓਵਰਾਂ ਵਿੱਚ ਦਰਸ਼ਕਾਂ ਨੂੰ ਰਬਾਡਾ-ਰੱਸਲ ਦਾ ਮੁਕਾਬਲਾ ਵੇਖਣ ਨੂੰ ਮਿਲਿਆ। ਦੋ-ਤਿੰਨ ਛੱਕੇ ਲਗਾਉਣ ਮਗਰੋਂ ਰੱਸਲ ਨੇ ਰਬਾਡਾ ਨੂੰ ਕੈਚ ਦੇ ਦਿੱਤਾ। ਪੀਯੂਸ਼ ਚਾਵਲਾ 14 ਦੌੜਾਂ ਬਣਾ ਕੇ ਨਾਬਾਦ ਰਿਹਾ।
Sports ਦਿੱਲੀ ਕੈਪੀਟਲਜ਼ ਨੇ ਸੱਤ ਵਿਕਟਾਂ ਨਾਲ ਕੇਕੇਆਰ ਨੂੰ ਹਰਾਇਆ