(ਸਮਾਜ ਵੀਕਲੀ)
ਗੱਲਾਂ ਤਾਂ ਬਹੁਤ ਹਨ,ਕਰਨ ਵਾਲੀਆਂ। ਪੱਲਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਪਰ ਸੱਚ ਦੀ ਦੇਲ੍ਹੀ ਕੌਣ ਲੰਘੇ? ਗੱਲਾਂ ਤੇ ਸਭ ਪਰਦੇ ਵਾਲੀਆਂ ਹਨ ਤੇ ਕਰੇ ਕੌਣ ?
ਹੁਣ ਵਿਆਹ ਦੇ ਇਹਨਾਂ ਗੀਤਾਂ ਨੂੰ ਕੌਣ ਯਾਦ ਕਰੇ? ਹੁਣ ਤੇ ਰੋਟੀ ਦੇ ਲਾਲੇ ਪੈ ਗੇ…. ਲੋਕਾਂ ਨੂੰ ..!
ਕਹਿੰਦੇ ਨੇ ਆਪਣਾ ਸਿਰ ਆਪ ਹੀ ਗੁੰਦਣਾ ਪੈਦਾ । ਜਦ ਉਖਲੀ ਵਿੱਚ ਹੀ ਸਿਰ ਦੇ ਲਿਆ ਫੇਰ ਮੋਹਲਿਆਂ ਦਾ ਕੀ ਡਰ ? ਲੋਕ ਬੋਲੀ ਹੈ ਕਿ
” ਮੇਰੀ ਲੱਗਦੀ ਕਿਸੇ ਨਾ ਦੇਖੀ,
ਟੁੱਟ ਗੀ ਨੂੰ ਜਗ ਜਾਣਦਾ। “
ਜਾਣਦਾ ਤੇ ਸਮਝਦਾ ਤਾਂ ਹਰ ਕੋਈ ਹੁੰਦਾ ਪਰ ਸ਼ਰਮ ਮਾਰ ਜਾਂਦੀ ਐ। ਲੋਕ ਕੀ ਕਹਿਣਗੇ। ਲੋਕਾਂ ਦਾ ਕੋਈ ਮੂੰਹ ਨਹੀਂ ਫੜ ਸਕਦਾ। ਲੋਕ ਆਪ ਕੀ ਕਰਦੇ ਆ ? ਲੋਕ ਨੀ ਜਾਣਦੇ। ਜਾਣਦੇ ਤੇ ਪਛਾਣਦੇ ਤਾਂ ਸਭ ਹਨ ਪਰ ਮੂੰਹ ਉਤੇ ਨਹੀਂ, ਸਗੋਂ ਪਿੱਠ ਪਿੱਛੇ ਬੋਲਣਗੇ।
ਇਹ ਬੋਲੀਆਂ ਮੈਂ ਤੇ ਨਹੀਂ ਬਣਾਈਆਂ। ਇਹ ਸਦੀਆਂ ਤੋਂ ਚਲੀਆਂ ਆ ਰਹੀ ਆਂ ਹਨ। ਡੋਲੀ ਦੇ ਵਿਦਾ ਹੋਣ ਵੇਲੇ ਸ਼ਰੀਕੇ ਦੀਆਂ ਧੀਆਂ/ਨੂੰਹਾਂ ਇਹ ਬੋਲੀ ਉਚੀ ਕਰਕੇ ਬੋਲਦੀਆਂ ਹਨ। ਪਰ ਰੋਲੇ ਗੋਲੇ ਵਿੱਚ ਕਿਸੇ ਦੇ ਕੰਨ ਵਿੱਚ ਪੈਦੀ ਐ।
ਲੋਕ ਬੋਲੀ –
ਲਈ ਜਾਨਾਂ ਤੂ ਕੜਬ ਦੇ ਟਾਂਡੇ
ਤੇ ਰਸ ਪੀਗੇ ਪਿੰਡ ਦੇ ਮੁੰਡਾ !
ਤੁਰ ਚੱਲੇ, ਖਾਲੀ ਢਿੱਡ,
ਪੈਰ ਪਾਟੈ, ਨੈਣੀ ਗਿੱਡ !”
ਇਹ ਲੋਕ ਬੋਲੀਆਂ ਹਨ ਜੋ ਵਿਆਹ ਮੌਕੇ ਨਵੀਂ ਵਹੁਟੀ ਦੇ ਮੱਥਾ ਟਿਕਾਉਣ ਵੇਲੇ ਵਾਰ ਵਾਰ ਬੋਲੀ ਜਾਂਦੀ ਐ। ਦਾਦਕੀਆਂ ਤੇ ਨਾਨਕੀਆਂ ਜਿਦੋ ਜਿਦੀ ਪਾਉਦੀਆਂ ਹਨ ਪਰ ਵਿਆਹ ਦੇ ਚਾਅ ਵਿੱਚ ਇਸ ਦੇ ਅਰਥ ਡੂੰਘੇ ਹੋ ਜਾਂਦੇ ਹਨ। ਕਿਸੇ ਦੇ ਗੇੜ ਵਿੱਚ ਨਹੀਂ ਆਉਦੇ।
“ਆਉਦੀ ਕੁੜੀਏ ਜਾਂਦੀ ਕੁੜੀਏ,
ਚੱਕ ਲਿਆ ਬਜ਼ਾਰ ਵਿੱਚੋਂ ਲੋਈ , ਨੀ
ਪਹਿਲਾ ਮੁੰਡਾ ਮਿੱਤਰਾਂ ਦਾ..
ਲਾਵਾਂ ਵਾਲੇ ਦਾ ਉਜ਼ਰ ਨਾ ਕੋਈ .।”
ਨੀ ਪਹਿਲਾ ਮੁੰਡਾ,,,।
##
ਉਸਤਾਦ ਸ਼ਾਇਰ ਤੇ ਭਾਸ਼ਾ ਵਿਗਿਆਨੀ ਸੁਰਜੀਤ ਖ਼ੁਰਸ਼ੀਦੀ ਆਖਿਐ ਕਰਦੇ ਸੀ ” ਜਿਸ ਦੇ ਬਹੁਤੇ ਮਿੱਤਰ ਹੋਣਗੇ ਤੇ ਉਸਦੇ ਦੁਸ਼ਮਣ ਵੀ ਹੋਣਗੇ। ਕਿਉਂਕਿ ਮਿੱਤਰਾਂ ਨੇ ਹੀ ਦੁਸ਼ਮਣ ਬਨਣਾ ਹੁੰਦਾ ।”
ਇਹ ਬੁੱਕਲ ਦੇ ਉਹ ਸੱਪ ਹੁੰਦੇ ਹਨ, ਜਿਹੜੇ ਜਦੋਂ ਵੀ ਦਾਅ ਲੱਗਿਆ ਡੰਗ ਮਾਰਦੇ ਹਨ।
ਕੁਲਵੰਤ ਨੀਲੋਂ ਦਾ ਸ਼ਿਅਰ ਚੇਤੇ ਆ ਗਿਆ।
ਮੈਂ ਆਪਣਿਆਂ ਦਾ ਪੱਟਿਆ ਅਜੇ ਤੱਕ ਤਾਬ ਨਹੀਂ ਆਇਆ,
ਮੇਰੇ ਦੁਸ਼ਮਣ ਵੀ ਇਹਨਾਂ ਨਾਲ ਰਲ ਜਾਂਦੇ ਤਾਂ ਕੀ ਬਣਦਾ?”
##
” ਘਰ ਦਾ ਭੇਤੀ ਲੰਕਾ ਢਾਹੇ” ਇਸੇ ਹੀ ਤਰ੍ਹਾਂ ਬੁੱਕਲ ਦੇ ਸੱਪਾਂ ਤੋਂ ਬਚਾਓ ਕਰਨਾ ਅਸੰਭਵ ਹੁੰਦਾ..
ਅਸੰਭਵ ਕੁੱਝ ਵੀ ਨੀ ਹੁੰਦਾ ..ਬਹੁਤ ਨੇ ਜਿਹਨਾਂ ਨੇ ਅਸੰਭਵ ਨੂੰ ਸੰਭਵ ਬਣਾਇਆ । ਬਦਲਣ ਦੇ ਲਈ ਬਹੁਤ ਕੁੱਝ ਤਿਆਗ ਕਰਨਾ ਪੈਂਦਾ । ਤਿਆਗ ਉਹ ਕਰ ਸਕਦਾ, ਜਿਸ ਕੋਲ ਸਬਰ ਹੁੰਦਾ ਹੈ.ਜਿਸਦੇ ਕੋਲ ਤਿਆਗ ਕਰਨ ਲਈ ਕੁੱਝ ਨਹੀਂ, ਉਹ ਕੀ ਕਰੂ ? ਤਾਂ ਹੀ ਕਿਹਾ ਐ ” ਕੀ ਗੰਜੀ ਨਾਹੂ ਤੇ ਕੀ ਨਿਚੋੜ ਲਊ.।”
ਖੈਰ ਇਹ ਵੀ ਨਹੀਂ ..ਸਾਡੇ ਕੋਲ ਪੰਜ ਪੱਕੇ ਮਿੱਤਰ ਤੇ ਦੁਸ਼ਮਣ ਹਨ…ਜੇ ਸਹਿਜ ਦੇ ਨਾਲ਼ ਵਰਤਿਆ ਜਾਵੇ ਤਾਂ ਉਹ ਮਿੱਤਰ, ਨਹੀਂ ਫਿਰ ਉਹੀ ਦੁਸ਼ਮਣ ਹੈ , ਇਹ ਹਨ ; ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ …।
##
ਲਿਖਿਆ-ਪੜ੍ਹਿਆ ਤੇ ਸੁਣਿਆ ਤਾਂ ਸਭ ਨੇ ਹੈ ਪਰ ਅਸੀਂ ਕਦੇ ਅਮਲ ਨਹੀਂ ਕੀਤਾ ..ਕਿਸੇ ਵਸਤੂ ਦਾ ਅਮਲ ਕਰਨ ਨਾਲ ਬੰਦਾ ਅਮਲੀ ਬਣ ਜਾਂਦਾ । ਸਮਾਜ ਵਿੱਚ ਨਕਲੀ ਤੇ ਅਸਲੀ ਦਾ ਫਰਕ ਮਿੱਟ ਗਿਆ ਹੈ। ਹੁਣ ਨਕਲੀ ਅਸਲੀ ਨਾਲੋਂ ਵੱਧ ਵਿਕਦਾ ਤੇ ਟਿਕਦਾ ਹੈ।
ਚਾਰੇ ਪਾਸੇ ਅਮਲੀਆਂ ਦੀ ਭੀੜ ਵੱਡੀ ਹੋ ਰਹੀ ਹੈ..ਇਹ ਕਿਸੇ ਉਤੇ ਅਚਿੰਤੇ ਬਾਜ਼ ਵਾਂਗ ਪੈ ਰਹੀ ਹੈ…ਕਿਉਂਕਿ ਭੀੜ ਦੇ ਪਿਰਤ ਪਾਲਕਾਂ ਦਾ ਉਹਨਾਂ ਦੇ ਸਿਰ ਉਤੇ ਹੱਥ ਹੈ। ਮੱਝ ਕੀਲੇ ਨਾਲ ਹੀ ਤੀਗੜਦੀ ਹੈ। ਹੁਣ ਮੌਸਮ ਬਦਲ ਰਿਹਾ ਹੈ। ਕੀਲੇ ਤੇ ਮੱਝਾਂ ਬਦਲ ਰਹੀਆਂ ਹਨ।
ਹੱਥੀਂ ਪਾਈਆਂ ਗੰਢਾਂ ਦੰਦਾਂ ਦੇ ਨਾਲ ਖੋਲ੍ਹਣੀਆਂ ਪੈਦੀਆਂ ਹਨ। ਸਿਆਸੀ ਤਾਕਤਵਰ ਇਹ ਗੰਢਾਂ ਲੋਕ-ਮਨਾਂ ਦੇ ਵਿੱਚ ਪਾ ਰਹੇ ਹਨ, ਇਸ ਕਰਕੇ ਹੁਣ ਭੀੜ ਤੇ ਲੋਕ-ਸਮੂਹ ਦੇ ਅਰਥ ਰਲਗੱਡ ਹੋ ਗਏ ਹਨ। ਬਿਨ੍ਹਾਂ ਸਿਰਾਂ ਵਾਲਿਆਂ ਦੀ ਭੀੜ ਹੁਣ ਲੋਕਤੰਤਰ ਬਣ ਰਹੀ ਤੇ ਲੋਕਾਈ ਵੀਚਾਰੀ ਬਣਕੇ ਦਿਨ ਕੱਟ ਰਹੀ ਹੈ।ਧਰਮ ਤੇ ਸਰਮ ਖੰਭ ਲਾ ਕੇ ਉਡ ਗਏ ਹਨ। ” ਚਹੁੰ ਕੂੰਟਾਂ ਵਿੱਚ ਬੇਧਰਮੀਆਂ ਦੀ ਭੀੜ ਹੜ੍ਹ ਵਾਂਗ ਵੱਧ ਹੋ ਰਹੀ ਹੈ। ਹਨੇਰਾ ਵੱਧ ਰਿਹਾ ਹੈ। ਵਿਰਸਾ ਰੋੰਦਾ ਹੈ ਵਿਰਾਸਤ ਢਹਿ ਰਹੀ ਹੈ। ਭਵਿੱਖ ਮੂੰਹ ਟੱਡੀ ਖੜ੍ਹਾ ਹੈ।
ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ।ਵਰਗੇ ਹਾਲਤ ਬਣ ਰਹੇ ਹਨ। ਦੁਸ਼ਮਣ ਮਿੱਤਰ ਬਣ ਗਏ ਹਨ ਤੇ ਮਿੱਤਰ ਰੇਤ ਦੀ ਮੁੱਠੀ ਵਾਂਗ ਕਿਰ ਗਏ ਹਨ।ਵਗਦੀ ਦੀ ਹਨੇਰੀ ਵਿੱਚ ਤੂੜੀ ਦੀ ਪੰਡ ਕੌਣ ਬੰਨੇ ? ਕੁਲਵੰਤ ਵਿਰਕ ਦੀ ਕਹਾਣੀ ” ਤੂੜੀ ਦੀ ਪੰਡ ” ਚੇਤੇ ਆਉਦੀ ਹੈ…ਚੇਤੇ ਦੀ ਚੰਗੇਰ ਵਿੱਚ ਸੱਜਰੀ ਸਵੇਰ ਵਿੱਚ ਹੁਣ ਅੰਤਰ ਮਿੱਟ ਗਿਆ ਹੈ । ਬਸ ਹੁਣ ਤਾਂ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹਨ।ਭੁੱਖਾ ਮਰਦੇ ਕੀ ਨੀ ਕਰਦੇ ?
ਸਮਾਜ ਵਿੱਚ ਸ਼ਬਦਾਂ ਦੇ ਤਾਂ ਅਰਥ ਬਦਲ ਰਹੇ ਹਨ ਜੇ ਕੁੱਝ ਬਦਲ ਨਹੀਂ ਰਿਹਾ ਤਾਂ ਲੋਕਾਂ ਦਾ ਜੀਵਨ! ਭਾਵੇਂ ਹੁਣ ਰਹਿਣ ਸਹਿਣ, ਬੋਲ-ਚਾਲ, ਖਾਣ -ਪੀਣ ਤੇ ਪਹਿਰਾਵਾ ਬਦਲ ਗਿਆ ਹੈ। ਘਰ ਕੱਚਿਆਂ ਤੋਂ ਪੱਕੇ ਹੋ ਗਏ ਪਰ ਲੋਕ ਮਨਾਂ ਦੇ ਕੱਚੇ ਹੋ ਗਏ। ਸਮਾਜ ਬਦਲ ਵੀ ਰਿਹਾ ਤੇ ਕਿਰ ਵੀ ਰਿਹਾ। ਕੁੱਝ ਜੁੜ ਰਿਹਾ ਤੇ ਬਹੁਤਾ ਰੁੜ ਤੇ ਕੁੜ ਵੀ ਰਿਹਾ ਹਰ ਕੋਈ ਬੁੜ-ਬੁੜ ਤਾਂ ਕਰਦਾ ਹੈ ਪਰ ਕਿਸੇ ਨੂੰ ਸਮਝ ਨਹੀਂ ਪੈਂਦੀ ਕਿ ਬੰਦਾ ਕੀ ਕਰਦਾ ਹੈ। ਬੰਦਾ ਸ਼ਬਦ ਜੁਗਾਲੀ ਕਰਨ ਲੱਗ ਪਿਆ ਹੈ। ਮਨੁੱਖ ਸਾਖਰ ਤਾਂ ਹੋਇਆ ਹੈ ਪਰ ਗਿਆਨ ਵਿਹੂਣਾ ਹੈ। ਹੁਣ ਸਮਝ ਤਾਂ ਆਵੇਗੀ ਜੇ ਗਿਆਨ ਹੋਵੇਗਾ। ਗਿਆਨ ਹਾਸਲ ਕਰਨ ਲਈ ਸਿਖਿਆ ਲੈਣੀ ਪਵੇਗੀ।ਹੁਣ ਸਿੱਖਿਆ ਮੁੱਲ ਮਿਲਦੀ ਹੈ।ਹੁਣ ਮੁੱਲ ਦੀ ਸਿਖਿਆ ਤਾਂ ਲਈ ਜਾ ਸਕਦੀ ਹੈ ਪਰ ਗਿਆਨ ਹਾਸਲ ਨਹੀਂ ਕੀਤਾ ਜਾ ਸਕਦਾ ।
ਗਿਆਨ ਹਾਸਲ ਕਰਨ ਲਈ ਧਿਆਨ ਤੇ ਅਧਿਅਨ ਕਰਨਾ ਪਵੇਗਾ। ਪੜ੍ਹਨਾ ਪਵੇਗਾ ਕਿਤਾਬਾਂ-ਗ੍ਰੰਥਾਂ ਨੂੰ ਤੇ ਬੰਦਿਆਂ ਨੂੰ ।ਪੜ੍ਹਨ ਲਈ ਬਹੁਤ ਕੁੱਝ ਹੈ।ਧਰਤੀ ਹੋਰ ਪਰੇ ਤੇ ਹੋਰ ਵਾਲੀ ਗੱਲ ਹੈ।ਗੱਲ ਤਾਂ ਮਿੱਤਰਾਂ ਦੇ ਰਿਣ ਦੀ ਵੀ ਸੀ।
ਮਿੱਤਰਾਂ ਦੇ ਨੂਣ ਦੀ ਡਲੀ
ਨੀ ਤੂੰ ਸ਼ਰਬਤ ਵਰਗਾ ਜਾਣੀ;
ਵਾਲੀ ਗੱਲ ਨਹੀਂ ਹੁਣ ਤਾਂ ਮਸਲੇ ਬਦਲ ਗਏ ਹਨ।
“ਜਿਸ ਦੀ ਕੋਠੀ ਦਾਣੇ,
ਉਹਦੇ ਕਮਲੇ ਵੀ ਸਿਆਣੇ ..।”
ਹੁਣ ਸਿਆਣਾ ਉਹ ਹੈ ਜਿਸ ਕੋਲ ਮਾਇਆ ਹੈ। ਮਾਇਆ ਕੱਠੀ ਕਰਨ ਲਈ ਮਿਹਨਤ ਨਹੀਂ, ਲੋਕਾਂ ਦੇ ਗਲੇ ਵੱਢਣ ਦੀ ਲੋੜ ਹੁੰਦੀ ਹੈ।
” ਪਾਪਾਂ ਬਾਂਝੋ ਹੋਏ ਨਾਹੀ
ਮੋਇਆਂ ਸਾਰ ਨਾ ਕਾਈ।”
ਹੁਣ ਲੋੜ ਕਾਢ ਦੀ ਮਾਂ ਨਹੀਂ, ਹੁਣ ਤੇ ਗਊ ਸਾਡੀ ਮਾਂ ਹੈ.ਠੰਡੀ ਉਸਦੀ ਛਾਂ ਐ। ਛਾਂ ਰੁੱਖਾਂ ਦੀ ਨਹੀਂ, ਏ ਸੀ ਦੀ ਠੰਡ ਹੈ ਹੁਣ ਸਭ ਦੀ ਇਕੋ ਮੰਗ ਹੈ। ਰੋਟੀ, ਕੱਪੜਾ ਤੇ ਮਕਾਨ। ਹੁਣ ਘਰਾਂ ਦੇ ਵਿੱਚ ਭੰਗ ਭੁੱਜਦੀ ਹੈ! ਹੁਣ ਅਸੀਂ ਨਸ਼ੇੜੀ ਨਹੀਂ, ਕਿਰਤਹੀਣ ਤੇ ਸੰਘਰਸ਼ਸ਼ੀਲ ਹਾਂ । ਪਰ ਇਹ ਸੰਘਰਸ਼ ਆਪਣੇ ਲਈ ਕਰਦੇ ਹਾਂ । ਸਾਨੂੰ ਜਮਾਤ ਨਾਲੋਂ ਜਾਤ ਤੇ ਪਾਰਟੀ ਪਿਆਰੀ ਹੈ। ਤਾਂ ਹੀ ਕੋਈ ਸੰਘਰਸ਼ ਜਿੱਤ ਵੱਲ ਨਹੀਂ ਜਾਂਦਾ । ਇਸ ਦਾ ਹਲ ਹੈ, ਸਾਂਝੀ ਲੋਕ ਜੰਗ ਹੈ। ਹੁਣ ਚਾਰੇ ਪਾਸੇ ਕੌਰਵ ਹਨ,ਪਾਂਡਵ ਬਨਵਾਸ ਉਤੇ ਜਾ ਰਹੇ ਹਨ ਤੇ ਕਿ੍ਸ਼ਨ ਕੌਰਵਾਂ ਦੇ ਨਾਲ ਰਲ ਗਿਆ ਹੈ।
ਬੁੱਧ ਸਿੰਘ ਨੀਲੋਂ
ਸੰਪਰਕ 94643 70823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly