ਅਲਜ਼ਾਰੀ ਜੋਸੇਫ ਨੇ ਆਪਣੇ ਸ਼ੁਰੂਆਤੀ ਮੈਚ ’ਚ ਰਿਕਾਰਡਤੋੜ ਗੇਂਦਬਾਜ਼ੀ ਅਤੇ ਆਖ਼ਰੀ ਓਵਰਾਂ ਵਿੱਚ ਕਿਰੋਨ ਪੁਲਾਰਡ ਦੀਆਂ 46 ਦੌੜਾਂ ਦੇ ਸਦਕਾ ਮੁੰਬਈ ਇੰਡੀਅਨਜ਼ ਨੇ ਘੱਟ ਸਕੋਰ ਵਾਲੇ ਮੈਚ ਵਿੱੱਚ ਸ਼ਨਿੱਚਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਦੀਆਂ ਸੱਤ ਵਿਕਟਾਂ ਉੱਤੇ 136 ਦੌੜਾਂ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ 17.4 ਓਵਰਾਂ ਵਿੱਚ 96 ਦੌੜਾਂ ਉੱਤੇ ਆਊਟ ਹੋ ਗਈ। ਅਲਜ਼ਾਰੀ ਨੇ 304 ਓਵਰਾਂ ਵਿੱਚ 12 ਦੌੜਾਂ ਦੇ ਕੇ ਛੇ ਵਿਕਟਾਂ ਲੈ ਕੇ ਗਿਆਰਾਂ ਸਾਲ ਪੁਰਾਣਾ ਰਾਜਸਥਾਨ ਰਾਇਲਲਜ਼ ਦੇ ਪਾਕਿਸਤਾਨੀ ਗੇਂਦਬਾਜ਼ ਸੋਹੇਲ ਤਨਵੀਰ ਦਾ ਰਿਕਾਰਡ ਤੋੜ ਦਿੱਤਾ। ਸੁਹੇਲ ਨੇ 14 ਦੌੜਾਂ ਦੇ ਛੇ ਵਿਕਟਾਂ ਲਈਆਂ ਸਨ।
ਇਸ ਤੋਂ ਪਹਿਲਾਂ ਅੱਜ ਹੈਦਰਾਬਾਦ ਨੇ ਅੱਜ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ, ਜਦੋਂਕਿ ਮੁੰਬਈ ਨੇ ਯੁਵਰਾਜ ਸਿੰਘ ਦੀ ਥਾਂ ਇਸ਼ਾਨ ਕਿਸ਼ਨ ਅਤੇ ਲਸਿਥ ਮਲਿੰਗਾ ਦੀ ਥਾਂ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੂੰ ਉਤਾਰਿਆ ਸੀ। ਮੁੰਬਈ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਉਸ ਦੀਆਂ ਛੇ ਓਵਰਾਂ ਵਿੱਚ ਦੋ ਵਿਕਟਾਂ 30 ਦੌੜਾਂ ’ਤੇ ਡਿੱਗ ਗਈਆਂ ਸਨ। ਮੁੰਬਈ ਇੰਡੀਅਨਜ਼ ਨੇ ਹੌਲੀ ਸ਼ੁਰੂਆਤ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਸਾਹਮਣੇ ਸੱਤ ਵਿਕਟਾਂ ’ਤੇ 136 ਦੌੜਾਂ ਬਣਾਈਆਂ। ਮੁੰਬਈ ਨੂੰ ਪਹਿਲਾ ਝਟਕਾ ਚੌਥੇ ਓਵਰ ਵਿੱਚ ਲੱਗਿਆ, ਜਦੋਂ ਉਸ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਮੁਹੰਮਦ ਨਬੀ ਨੇ ਦੀਪਕ ਹੁੱਡਾ ਨੂੰ ਕੈਚ ਕਰਵਾਇਆ। ਉਹ ਸਿਰਫ਼ 11 ਦੌੜਾਂ ਹੀ ਬਣਾ ਸਕਿਆ। ਮੁੰਬਈ ਦਾ ਕੀਰੋਨ ਪੋਲਾਰਡ ਹੀ ਟਿਕ ਕੇ ਖੇਡ ਸਕਿਆ, ਜਿਸ ਨੇ 26 ਗੇਂਦਾਂ ਵਿੱਚ ਨਾਬਾਦ 46 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਦਾ ਕੋਈ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਹੈਦਰਾਬਾਦ ਦੇ ਸਿਧਾਰਥ ਕੌਲ ਨੇ ਸਭ ਤੋਂ ਵੱਧ (34 ਦੌੜਾਂ ਦੇ ਕੇ) ਦੋ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ, ਸੰਦੀਪ ਸ਼ਰਮਾ ਅਤੇ ਰਾਸ਼ਿਦ ਖ਼ਾਨ ਨੂੰ ਇੱਕ ਇੱਕ ਵਿਕਟ ਮਿਲੀ, ਜਦੋਂਕਿ ਮੁਹੰਮਦ ਨਬੀ ਨੇ 13 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।
Sports ਅਲਜ਼ਾਰੀ ਜੋਸੇਫ ਦੇ ਸਿਰ ’ਤੇ ਮੁੰਬਈ ਨੇ ਸਨਰਾਈਜ਼ਰਜ਼ ਨੂੰ ਹਰਾਇਆ