ਭਾਰਤ ਵਿਚ ਸੰਤੁਲਿਤ ਭੋਜਨ ਦੀ ਕਮੀ ਨਾਲ ਹੁੰਦੀਆਂ ਨੇ ਸੈਂਕੜੇ ਮੌਤਾਂ

ਵਾਸ਼ਿੰਗਟਨ-ਭਾਰਤ ਵਿੱਚ ਸੰਤੁਲਿਤ ਭੋਜਨ ਦੀ ਕਮੀ ਕਾਰਨ ਹਰ ਵਰ੍ਹੇ ਸੈਂਕੜੇ ਮੌਤਾਂ ਹੁੰਦੀਆਂ ਹਨ। ਵਿਸ਼ਵ ਪੱਧਰ ’ਤੇ ਇਹ ਅੰਕੜਾ ਪੰਜ ਵਿਚੋਂ ਇੱਕ ਵਿਅਕਤੀ ਦੀ ਮੌਤ ਦਾ ਹੈ। ਇਹ ਖੁਲਾਸਾ ਲੈਂਸੇਟ ਪੱਤ੍ਰਿਕਾ ਨੇ ਇੱਕ ਸਰਵੇਖਣ ਵਿਚ ਕੀਤਾ ਹੈ। ਰਿਪੋਰਟ ਅਨੁਸਾਰ 195 ਮੁਲਕਾਂ ਦੇ 1990 ਤੋਂ 2017 ਤੱਕ ਦੇ 15 ਭੋਜਨ ਤੱਤਾਂ ਨੂੰ ਦੇਖਿਆ ਗਿਆ। ਇਸ ਤੋਂ ਪਤਾ ਲੱਗਿਆ ਕਿ ਵਿਸ਼ਵ ਦੇ ਲਗਭਗ ਹਰ ਹਿੱਸੇ ਦੇ ਲੋਕ ਆਪਣੇ ਖਾਣ-ਪੀਣ ਨੂੰ ਸੰਤੁਲਿਤ ਕਰਕੇ ਲਾਭ ਉਠਾ ਸਕਦੇ ਹਨ। ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਭਰ ਵਿੱਚ ਅੰਦਾਜ਼ਨ ਪੰਜ ਵਿੱਚੋਂ ਇੱਕ ਵਿਅਕਤੀ ਦੀ ਮੌਤ ਸੰਤੁਲਿਤ ਭੋਜਨ ਅਤੇ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਜੁੜੀ ਹੈ ਅਤੇ ਇਹ ਅੰਕੜਾ ਲਗਭਗ ਇੱਕ ਕਰੋੜ ਦਸ ਲੱਖ ਮੌਤਾਂ ਦੇ ਬਰਾਬਰ ਹੈ।
ਸੰਤੁਲਿਤ ਭੋਜਨ ਦੀ ਘਾਟ ਕਈ ਭਿਆਨਕ ਰੋਗਾਂ ਦਾ ਕਾਰਨ ਬਣਦੀ ਹੈ। ਭੋਜਨ ਸਬੰਧੀ ਮਾਮਲਿਆਂ ਵਿੱਚ ਸਾਲ 2017 ਵਿਚ ਸਾਬਤ ਅਨਾਜ, ਫਲ, ਮੇਵੇ ਜਿਹੇ ਭੋਜਨ ਦੀ ਕਾਫੀ ਘੱਟ ਖੁਰਾਕ ਜ਼ਿਆਦਾਤਰ ਮੌਤਾਂ ਦਾ ਕਾਰਨ ਬਣੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਬਤ ਅਨਾਜ ਦੀ ਘੱਟ ਖੁਰਾਕ- ਪ੍ਰਤੀਦਿਨ 125 ਗ੍ਰਾਮ ਤੋਂ ਘੱਟ-ਭਾਰਤ, ਅਮਰੀਕਾ, ਬ੍ਰਾਜ਼ੀਲ, ਪਾਕਿਸਤਾਨ, ਨਾਇਜੀਰੀਆ, ਰੂਸ, ਮਿਸਰ, ਜਰਮਨੀ, ਇਰਾਨ ਅਤੇ ਤੁਰਕੀ ਵਿੱਚ ਮੌਤਾਂ ਅਤੇ ਬਿਮਾਰੀਆਂ ਦਾ ਕਾਰਨ ਬਣੀ। ਬੰਗਲਾਦੇਸ਼ ਵਿਚ ਫ਼ਲਾਂ ਦੀ ਘੱਟ ਖੁਰਾਕ ਪ੍ਰਤੀਦਿਨ 250 ਗ੍ਰਾਮ ਤੋਂ ਘੱਟ ਭੋਜਨ ਸਬੰਧੀ ਮੌਤਾਂ ਦਾ ਪ੍ਰਮੁੱਖ ਕਾਰਨ ਬਣੀ। ਰਿਪੋਰਟ ਵਿੱਚ ਕਿਹਾ ਗਿਆ ਕਿ 2017 ਵਿਚ ਭੋਜਨ ਸਬੰਧੀ ਮੌਤਾਂ ਦੀ ਸਭ ਤੋਂ ਘੱਟ ਦਰ ਇਜ਼ਰਾਈਲ, ਫਰਾਂਸ, ਸਪੇਨ, ਜਾਪਾਨ ਅਤੇ ਅੰਡੋਰਾ ਵਿਚ ਰਹੀ। ਭਾਰਤ ਇਨ੍ਹਾਂ ਵਿਚੋਂ 118ਵੇਂ ਸਥਾਨ ’ਤੇ ਰਿਹਾ, ਜਿੱਥੇ ਔਸਤਨ ਇੱਕ ਲੱਖ ਲੋਕਾਂ ਪਿਛੇ 310 ਮੌਤਾਂ ਸੰਤੁਲਿਤ ਭੋਜਨ ਦੀ ਕਮੀ ਕਾਰਨ ਹੋਈਆਂ।

Previous articleਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਮੇਰੀ ਜਾਇਦਾਦ ਨਹੀਂ: ਸੁਖਬੀਰ
Next articleਮੋਦੀ ਦੁਬਾਰਾ ਜਿੱਤੇ ਤਾਂ ਦੇਸ਼ ਨਹੀਂ ਬਚੇਗਾ: ਮਮਤਾ