ਖਡੂਰ ਸਾਹਿਬ, ਆਨੰਦਪੁਰ ਸਾਹਿਬ ਤੇ ਸੰਗਰੂਰ ’ਚ ਆਪਣੇ ਬਲਬੂਤੇ ਚੋਣ ਲੜਨਗੇ ਟਕਸਾਲੀ

ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣੇ ਬਲਬੂਤੇ ’ਤੇ ਖਡੂਰ ਸਾਹਿਬ, ਆਨੰਦਪੁਰ ਸਾਹਿਬ ਅਤੇ ਸੰਗਰੂਰ ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦਾ ਦਾਅਵਾ ਕਰਦਿਆਂ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਮੁੜ ਬਣ ਰਹੀ ਉਮੀਦ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਸਾਬਕਾ ਥਲ ਸੈਨਾ ਮੁਖੀ ਜਨਰਲ ਜੇ.ਜੇ. ਸਿੰਘ ਹੀ ਚੋਣ ਲੜਨਗੇ। ਉਨ੍ਹਾਂ ਸੁਝਾਅ ਦਿੱਤਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਨਹੀਂ ਲੜਨੀ ਚਾਹੀਦੀ ਅਤੇ ਸਿੱਧਾ ਰਾਜ ਸਭਾ ਭੇਜਣਾ ਚਾਹੀਦਾ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੀਡੀਆ ਨਾਲ ਗੱਲ ਕਰਦਿਆਂ ‘ਆਪ’ ਆਗੂ ਐਡਵੋਕੇਟ ਐੱਚਐੱਸ ਫੂਲਕਾ ਵਲੋਂ ਕੀਤੀ ਗਈ ਪੇਸ਼ਕਸ਼ ਕਿ ਉਹ ਨਵੇਂ ਸਿਰੇ ਤੋਂ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਨ ਲਈ ਯਤਨ ਕਰ ਰਹੇ ਹਨ, ਦਾ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਖਡੂਰ ਸਭਾ ਸੰਸਦੀ ਹਲਕੇ ਤੋਂ ਆਪਣੇ ਉਮੀਦਵਾਰ ਜੇ.ਜੇ. ਸਿੰਘ ਨੂੰ ਵਾਪਸ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ੍ਰੀ ਫੂਲਕਾ ਦੇ ਵਿਚਾਰ ਇਕਪਾਸੜ ਹਨ। ਉਨ੍ਹਾਂ ਨੇ ਜੇ.ਜੇ. ਸਿੰਘ ਦੇ ਨਾਂ ਦਾ ਐਲਾਨ 13 ਫਰਵਰੀ ਨੂੰ ਕਰ ਦਿੱਤਾ ਸੀ ਜਦੋਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਮਹੀਨੇ ਬਾਅਦ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬ ਡੈਮੋਕਰੈਟਿਕ ਅਲਾਇੰਸ ਦੀਆਂ ਹੋਈਆਂ ਅੱਠ-ਦਸ ਮੀਟਿੰਗਾਂ ਵਿਚ ਕਦੇ ਵੀ ਬੀਬੀ ਖਾਲੜਾ ਦੇ ਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਜੇਕਰ ਪਹਿਲਾਂ ਉਨ੍ਹਾਂ ਦੇ ਨਾਂ ਦਾ ਜ਼ਿਕਰ ਕੀਤਾ ਹੁੰਦਾ ਤਾਂ ਅੱਜ ਸਥਿਤੀ ਹੋਰ ਹੁੰਦੀ। ਉਨ੍ਹਾਂ ਕਿਹਾ ਕਿ ਉਹ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਬੀਬੀ ਖਾਲੜਾ ਨੂੰ ਸਿਆਸੀ ਚਿੱਕੜ ਵਿਚ ਨਹੀਂ ਆਉਣਾ ਚਾਹੀਦਾ ਅਤੇ ਚੋਣ ਨਹੀਂ ਲੜਨੀ ਚਾਹੀਦੀ ਸਗੋਂ ਉਨ੍ਹਾਂ ਨੂੰ ਸਮੂਹ ਪਾਰਟੀਆਂ ਦੀ ਰਜ਼ਾਮੰਦੀ ਨਾਲ ਰਾਜ ਸਭਾ ਲਈ ਮੈਂਬਰ ਚੁਣ ਲੈਣ ਚਾਹੀਦਾ ਹੈ।
ਟਕਸਾਲੀ ਆਗੂ ਨੇ ਇਕ ਸਵਾਲ ਦੇ ਜਵਾਬ ਵਿਚ ਆਮ ਆਦਮੀ ਪਾਰਟੀ ਸਮੇਤ ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ਨਾਲ ਸਮਝੌਤੇ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤਿੰਨ ਸੰਸਦੀ ਹਲਕਿਆਂ ਖਡੂਰ ਸਾਹਿਬ, ਆਨੰਦਪੁਰ ਸਾਹਿਬ ਅਤੇ ਸੰਗਰੂਰ ਤੋਂ ਆਪਣੇ ਬਲਬੂਤੇ ’ਤੇ ਚੋਣ ਲੜੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਚੰਗੇ ਉਮੀਦਵਾਰ ਨੂੰ ਸਮਰਥਨ ਦੇਣਗੇ। ਬਰਗਾੜੀ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ‘ਸਿਟ’ (ਵਿਸ਼ੇਸ਼ ਜਾਂਚ ਟੀਮ) ਬਾਰੇ ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਇਨਸਾਫ ਪਸੰਦ ਅਧਿਕਾਰੀ ਹਨ ਅਤੇ ਉਹ ਵਧੀਆ ਢੰਗ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਢਾਹੁਣ ਦੇ ਯਤਨ ਨੂੰ ਮੰਦਭਾਗਾ ਆਖਿਆ ਅਤੇ ਇਸ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਇਸ ਦੌਰਾਨ ਹਾਜ਼ਰ ਸੇਵਾ ਸਿੰਘ ਸੇਖਵਾਂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਨੂੰ ਰੱਦ ਕਰਦਿਆਂ ਆਖਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਉਨ੍ਹਾਂ ਦੇ ਕੋਈ ਮਤਭੇਦ ਨਹੀਂ ਹਨ। ਉਨ੍ਹਾਂ ਵੱਲੋਂ ਕੀਤੇ ਗਏ ਫ਼ੈਸਲੇ ਪਾਰਟੀ ਦੇ ਫ਼ੈਸਲੇ ਹਨ ਅਤੇ ਉਹ ਫ਼ੈਸਲਿਆਂ ਨਾਲ ਸਹਿਮਤ ਹਨ। ਇਸ ਦੌਰਾਨ ਸਾਬਕਾ ਫੌਜੀ ਮੁਖੀ ਅਤੇ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਉਮੀਦਵਾਰ ਜੇ.ਜੇ. ਸਿੰਘ ਨੇ ਆਖਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ ਅਤੇ ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ‘ਆਪ’ ਆਗੂਆਂ ਵਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਉਨ੍ਹਾਂ ਗਲਤ ਦੱਸਿਆ। ਇਸ ਮੌਕੇ ਡਾ. ਰਤਨ ਸਿੰਘ ਅਜਨਾਲਾ, ਅਮਰਪਾਲ ਸਿੰਘ ਬੋਨੀ, ਰਜਿੰਦਰ ਸਿੰਘ ਬ੍ਰਹਮਪੁਰਾ, ਡਾ. ਹਰਭਜਨ ਸਿੰਘ, ਦਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ।

Previous articleFarooq is front-runner in Srinagar Lok Sabha seat
Next articleਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦੀ ਰਿਲੀਜ਼ ਟਲੀ