ਪੰਜਾਬ ਸਰਕਾਰ ਵੱਲੋਂ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਹਿਮ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਇੱਥੇ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨਾਲ ਮੀਟਿੰਗ ਕੀਤੀ। ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਦੋਵਾਂ ਅਧਿਕਾਰੀਆਂ ਦਰਮਿਆਨ ਇੱਕ ਘੰਟਾ ਤੋਂ ਜ਼ਿਆਦਾ ਸਮਾਂ ਹੋਈ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਈਜੀ ਖ਼ਿਲਾਫ਼ ਦਿੱਤੀ ਸ਼ਿਕਾਇਤ ਵਿਚਲੇ ਤੱਥਾਂ ’ਤੇ ਚਰਚਾ ਕੀਤੀ ਗਈ। ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਇਸ ਆਈਪੀਐੱਸ ਅਧਿਕਾਰੀ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਨਾਲ ਸਬੰਧਤ ਤਫ਼ਤੀਸ਼ ਦੇ ਤੱਥ ਸਾਂਝੇ ਕਰਦਿਆਂ ਜਿੱਥੇ ਆਪਣਾ ਪੱਖ ਰੱਖਿਆ ਗਿਆ ਉਥੇ ਇਹ ਵੀ ਦਾਅਵਾ ਕੀਤਾ ਗਿਆ ਕਿ ਅਕਾਲੀ ਦਲ ਵੱਲੋਂ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਨੂੰ ਮੁੱਢ ਤੋਂ ਹੀ ਲੀਹੋਂ ਲਾਹੁਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਤਾਜ਼ਾ ਸ਼ਿਕਾਇਤ ਵੀ ਇਸੇ ਤਹਿਤ ਕੀਤੀ ਗਈ ਹੈ। ਆਈਜੀ ਨੇ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਦੀ ਤਫ਼ਤੀਸ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਤੇ ਵਿਧਾਨ ਸਭਾ ਵੱਲੋਂ ਪਾਸ ਮਤੇ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਫ਼ਤੀਸ਼ ਦੌਰਾਨ ਕਿਸੇ ਵੀ ਬੇਕਸੂਰ ਨੂੰ ਪ੍ਰੇਸ਼ਾਨ ਨਹੀਂ ਕੀਤਾ ਗਿਆ ਤੇ ਤੱਥਾਂ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ’ਚ ਲਾਏ ਦੋਸ਼ਾਂ ਦਾ ਜਵਾਬ ਪੰਜਾਬ ਸਰਕਾਰ ਵੱਲੋਂ ਚੋਣ ਅਧਿਕਾਰੀ ਨੂੰ ਭੇਜ ਦਿੱਤਾ ਗਿਆ ਹੈ ਤੇ ਚੋਣ ਅਧਿਕਾਰੀ ਵੱਲੋਂ ਸਾਰਾ ਮਾਮਲਾ ਚੋਣ ਕਮਿਸ਼ਨ ’ਤੇ ਛੱਡ ਦਿੱਤਾ ਹੈ। ਇਸ ਮਾਮਲੇ ’ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਉੱਧਰ ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਸ਼ਿਕਾਇਤ ਦੇ ਨਾਲ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਬਿਆਨਾਂ ਦੀ ਇੱਕ ਸੀਡੀ ਵੀ ਨੱਥੀ ਕੀਤੀ ਗਈ ਹੈ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਸ਼ਿਕਾਇਤ ਦੇ ਆਧਾਰ ’ਤੇ ਆਈਜੀ ਦਾ ਤਬਾਦਲਾ ਹੋਣ ਦੇ ਆਸਾਰ ਹਨ। ਚੋਣ ਅਧਿਕਾਰੀ ਦਾ ਕਹਿਣਾ ਹੈ ਕਿ ਕਮਿਸ਼ਨ ਵੱਲੋਂ ਸਿਵਲ ਜਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਿਸੇ ਸਿਆਸੀ ਧਿਰ ਵੱਲੋਂ ਤੱਥਾਂ ’ਤੇ ਆਧਾਰਿਤ ਲਾਏ ਜਾਂਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਆਪਣੀ ਸ਼ਿਕਾਇਤ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੰਸਦੀ ਚੋਣਾਂ ਦੇ ਅਮਲ ਦੌਰਾਨ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਹੈ ਤੇ ਚੋਣ ਕਮਿਸ਼ਨ ਪੁਲੀਸ ਅਧਿਕਾਰੀਆਂ ਨੂੰ ਪੁਲੀਸ ਨਿਗਰਾਨ ਵਜੋਂ ਕਿਸੇ ਵੀ ਸੂਬੇ ਵਿੱਚ ਤਾਇਨਾਤ ਕਰ ਸਕਦਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਚੋਣ ਕਮਿਸ਼ਨ ਦੀ ਸੰਭਾਵੀ ਕਾਰਵਾਈ ਦੇ ਮੱਦੇਨਜ਼ਰ ਆਈਜੀ ਤੇ ਮੁੱਖ ਚੋਣ ਅਧਿਕਾਰੀ ਦਰਮਿਆਨ ਹੋਈ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
INDIA ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ’ਤੇ ਲਟਕੀ ਤਬਾਦਲੇ ਦੀ ਤਲਵਾਰ