ਸਾਡਾ ਉਜੜ ਗਿਆ ਦੱਸ ਕੀਦਾ ਹੋਰ ਉਜਾੜੇਗੀ ?

(ਸਮਾਜ ਵੀਕਲੀ)

ਕਿਤਾਬਾਂ ਵਿੱਚ ਪੜ੍ਹ ਦੇ ਸੀ ਕਿ ਅੱਗ ਲਾਈ ਡੱਬੂ ਕੰਧ ਉਤੇ ; ਫੇਰ ਜਦ ਆਪਣੇ ਘਰ ਅੱਗ ਲੱਗੀ ਫੇਰ ਦਿਨੇ ਤਾਰੇ ਦਿਖਣ ਲੱਗਦੇ ਹਨ ; ਸਿਆਣੇ ਲੋਕ ਇਹੋ ਜਿਹੀਆਂ ਸਿਆਪਣਾਂ ਦੀਆਂ ਉਦਾਹਰਣ ਦੇ ਕੇ ਬਗੈਰ ਸਿਰ ਤੋਂ ਪਿੰਡ ਵਿੱਚ ਦਹਿਸ਼ਤ ਪੈਦਾ ਕਰਨ ਵਾਲਿਆਂ ਨੂੰ ਸੁਣਾਇਆ ਕਰਦੇ ਸੀ ; ਹੁਣ ਸਭ ਅੱਖਾਂ ਰਾਹੀ ਦੇਖ ਰਹੇ ਹਾਂ ; ਕਹਿੰਦੇ ਅੱਖਾਂ ਨਾਲ ਦੇਖਿਆ ਵੀ ਪੂਰਾ ਸੱਚ ਨਹੀਂ ਹੁੰਦਾ ; ਸਿਫਤ ਬਿਗਾਨੇ ਤੋਂ ਸੁਣ ਕਿ ਬਜ਼ੁਰਗ ਧੀ ਦਾ ਰਿਸ਼ਤਾ ਕਰ ਆਇਆ ਕਰਦੇ ਸੀ ਜਦ ਅੱਖਾਂ ਨਾਲ ਦੇਖ ਕੇ ਜਵਾਬ ਦੇਦੇ ਸੀ ; ਆਪਣੇ ਫਾਇਦੇ ਹਰ ਕੋਈ ਗੱਲ ਵਧਾ ਕੇ ਦੱਸਦਾ ਹੈ ; ਬਿਗਾਨੇ ਦੇ ਖੇਤਾਂ ਨੂੰ ਵੀ ਆਪਣਾ ਬਣਾ ਕੇ ਦੂਜੇ ਦੇ ਅੱਖਾਂ ਘੱਟਾ ਪਾਉਣਾ ਮਨੁੱਖੀ ਸੁਭਾਅ ਹੈ । ਮਨੁੱਖ ਦੀਆਂ ਆਦਤਾਂ ਨਹੀਂ ਬਦਲ ਦੀਆਂ ; ਚੋਰ ਚੋਰੀ ਕਰਨੋ ਹਟ ਜੂ ਪਰ ਹੇਰਾ ਫੇਰੀ ਕਰਨੋ ਨਹੀਂ;
ਪੰਜਾਬ ਨੂੰ ਬਾਰ ਬਾਰ ਉਜਾੜਨ ਦੇ ਲਈ ਭਾਰਤੀ ਹਾਕਮਾਂ ਨੇ ਦੇਸ ਦੀ ਵੰਡ ਤੋਂ ਹੀ ਅਜਿਹੇ ਮਨਸੂਬੇ ਬਣਾਏ ਹਨ ; ਪੰਜਾਬ ਹਰ ਦਸ ਬਾਅਦ ਉਜੜਦਾ ਹੈ । ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ; ਉਹ ਹਾਲ ਹੋਇਆ ਪਿਆ ਹੈ । ਪੰਜਾਬੀਆਂ ਨੂੰ ਕਦੇ ਝਮਲਾਅ ਕੇ, ਕਦੇ ਲਾਲਚ ਵਿੱਚ ਉਲਝਾ ਕੇ, ਕਦੇ ਵਿਕਾਸ ਦੇ ਨਾਮ ਉਤੇ ਤੇ ਕਾਨੂੰਨ ਦੇ ਡਰ ਵਿੱਚ ਫਸਾ ਕੇ ਉਜਾੜਿਆ ਜਾ ਰਿਹਾ ਹੈ । ਪੰਜਾਬ ਨੂੰ ਇਸ ਹਾਲਤ ਤੱਕ ਪੁਜਦਾ ਕਰਨ ਦੇ ਲਈ ਭਾਰਤੀ ਸਟੇਟ ਦਾ ਜਿੰਨਾਂ ਹੱਥ ਹੈ; ਓਨਾ ਹੀ ਪੰਜਾਬੀਆਂ ਦਾ ਹੈ । ਜਿਹੜੇ ਹੁਣ ਤੱਕ ਝੁਰਲੂ ਬਣੇ ਰਹੇ । ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਕਾਂਗਰਸ ਤੇ ਅਕਾਲੀ ਦਲ ਵਿੱਚ ਵੰਡ ਕੇ ਆਪਣਾ ਤਾਂ ਉਲੂ ਸਿੱਧਾ ਕਰ ਲਿਆ ਪਰ ਪੰਜਾਬੀਆਂ ਦੇ ਹੱਥਾਂ ਵਿੱਚ ਠੂਠਾ ਫੜਾ ਦਿੱਤਾ ।

ਜਦੋਂ ਆਪਣੇ ਨਿੱਜੀ ਮੁਫਾਦਾਂ ਦੇ ਲਈ ਧਰਮ ਦੀ ਆੜ ਦੇ ਵਿਚ ਜਦੋਂ ਸੱਤਾਧਾਰੀ ਆਪਣਾ ‘ਉਲੂ ਸਿੱਧਾ’ ਕਰਨ ਲੱਗ ਪੈਣ ਤਾਂ ਆਮ ਲੋਕਾਂ ਦੇ ਘਰਾਂ ਵਿੱਚ ‘ਉਲੂ ਬੋਲਣ’ ਲੱਗ ਪੈਂਦੇ ਹਨ। ਜਿਹਨਾਂ ਨੇ ਜ਼ਿੰਦਗੀ ਦਾ ਫ਼ਲਸਫਾ ਦੱਸਣਾ ਹੁੰਦਾ, ਉਹ ਉਚਿਆਂ ਚੁਬਾਰਿਆਂ ਦੇ ਨਾਲ ਆੜੀ ਪਾ ਕੇ ਫਿਰ ਆਪਣਿਆਂ ਦੀ ਮੰਜੀ ਠੋਕਦੇ ਹਨ। ਉਹਨਾਂ ਤੋਂ ਡਰਦੇ ਆਮ ਲੋਕ ਉਚਾ-ਨੀਵਾਂ ਥਾਂ ਵੇਖਦੇ ਹੋਏ ਉਚੇ ਦੁਆਰੇ ਤੇ ਚੁਬਾਰੇ ਲੱਭਣ ਦੇ ਚੱਕਰ ‘ਚ ਫਸ ਜਾਂਦੇ ਹਨ।

ਸਿਆਸੀ ਆਗੂ ਜਦੋਂ ‘ਊਟ-ਪਟਾਂਗ ਗੱਲਾਂ’ ਮਾਰਨ ਲੱਗ ਜਾਣ ਤਾਂ ‘ਲੋਕ ਉਜਾੜ’ ਮੱਲਣ ਤੁਰ ਪੈਂਦੇ ਹਨ। ਜਿਹੜੇ ‘ਉਚਾ ਝਾਕਣ’ ਲੱਗਦੇ ਹਨ, ਉਨ੍ਹਾਂ ਨੂੰ ਨੀਵੀਆਂ ਦੀਆਂ ਗੱਲਾਂ ਨਹੀਂ ਸਮਝ ਆਉਦੀਆਂ ਤੇ ਉਹਨਾਂ ਨੂੰ ਉਡਦੇ ਸੱਪ ਕੀਲਣੇ ਮੁਸ਼ਕਿਲ ਹੋ ਜਾਂਦੇ ਹਨ। ਜਿਹੜੇ ਹਰ ਕੰਮ ਲਈ ਉਡ ਉਡ ਪੈਣ ਉਹ ਉਤਲੇ ਮੂੰਹੋਂ ਤੇਰਾ ਤੇਰਾ ਕਹਿਣ ਦੇ ਆਦੀ ਬਣ ਜਾਂਦੇ ਹਨ। ਪਰ ਲੋਕ ਵੀ ਉਹਨਾਂ ਨੂੰ ਉਡਣ ਜੋਗਾ ਨਹੀਂ ਛੱਡਦੇ। ਇਕ ਦਿਨ ਉਤੇ ਪਟਕਾ ਕੇ ਮਾਰਦੇ ਹਨ ।

ਜਿਹੜੇ ਐਂਵੇ ਹੀ ਹਰ ਕਿਸੇ ਦੇ ਉੱਤੇ ਚੜ੍ਹਨ ਦੀ ਹਿਮਾਕਤ ਕਰਦੇ ਹਨ, ਉਨ੍ਹਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਦੇ ਨਾਲ ਉਸਤਾਦੀ ਕਰਨ ਲੱਗ ਪੈਣੇ ਉਹਨਾਂ ਨੂੰ ਇੱਕ ਦਿਨ ਉਂਗਲਾਂ ਟੁੱਕਣੀਆਂ ਪੈਂਦੀਆਂ ਹਨ, ਫੇਰ ਉਹਨਾਂ ਦੀ ਕੋਈ ਉਘ ਸੁੱਘ ਨਹੀਂ ਲੱਗਦੀ। ਜਿਨ੍ਹਾਂ ਦੇ ਮਨਾਂ ਵਿੱਚ ਸੁਪਨੇ ਉਸਲਵੱਟੇ ਭੰਨਣ ਲੱਗ ਪੈਣ, ਉਨ੍ਹਾਂ ਨੂੰ ਹਰ ਕੰਮ ਲਈ ਫੇਰ ਉੱਖਲੀ ਵਿੱਚ ਸਿਰ ਦੇਣਾ ਪੈਂਦਾ ਹੈ। ਜਦੋਂ ਕਿਸੇ ਨੂੰ ਕੋਈ ਉਲਟੀ ਪੱਟੀ ਪੜ੍ਹਾਉਣ ਲੱਗ ਪਏ ਤਾਂ ਲੋਕ ਉਸ ਉਪਰ ਉਂਗਲਾਂ ਕਰਨ ਲੱਗ ਪੈਂਦੇ ਹਨ। ਉਹਨਾਂ ਦੇ ਸਦਾ ਉਖੜੇ-ਉੱਖੜੇ ਰਹਿਣ ਕਰਕੇ ਉਸ ਦੇ ਮੂੰਹ ‘ਤੇ ਉਦਾਸੀ ਸਦਾ ਹੀ ਛਾਈ ਰਹਿੰਦੀ ਹੈ। ਜਿਨ੍ਹਾਂ ਨੂੰ ਉਧਾਰ ਖਾਣ ਦੀ ਆਦਤ ਪੈ ਜਾਵੇ, ਉਹ ਹਮੇਸ਼ਾ ਉਧੇੜ ਬੁਣ ਕਰਦੇ ਰਹਿੰਦੇ ਹਨ। ਜਿਹੜੇ ਰਸ ਚੂਸ ਕੇ ਉੱਡ ਜਾਣ ਫੇਰ ਉਨ੍ਹਾਂ ਦੇ ਲਈ ਕੋਈ ਉਡ ਉਡ ਨਹੀਂ ਪੈਂਦਾ। ਫਿਰ ਇਹੋ ਜਿਹਿਆਂ ਨੂੰ ਉਚਾ ਸੁਨਣ ਲੱਗਦਾ ਹੈ।

ਜਦੋਂ ਬੰਦੇ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਫਿਰ ਉਸ ਲਈ ਉਲਝੀ ਤਾਣੀ ਸੁਲਝਾਉਣੀ ਔਖੀ ਹੋ ਜਾਂਦੀ ਹੈ। ਹੁਣ ਇਹੀ ਹਾਲਤ ਸਿਆਸਤਦਾਨਾਂ ਨੇ ਸਾਡੀ ਬਣਾਈ ਹੋਈ ਹੈ। ਸਮੇਂ ਨੇ ਸਾਨੂੰ ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਅਸੀਂ ਉਲਟੇ ਪੈਰੀਂ ਵਾਪਸ ਜਾ ਰਹੇ ਹਾਂ , ਪਰ ਹਰ ਵੇਲੇ ਲੋਕਾਂ ਨੂੰ ਉਲੂ ਬਣਾਇਆ ਨਹੀਂ ਜਾ ਸਕਦਾ। ਅਸੀਂ ਉਲੂ ਬਣ ਰਾਤਾਂ ਉਡਦੇ ਹਾਂ ।

ਜਦੋਂ ਕੋਈ ਊਚ-ਨੀਚ ਵਿਚਾਰਨਾ ਭੁੱਲ ਜਾਵੇ ਤਾਂ ਉਸ ਦੇ ਆਲੇ ਦੁਆਲੇ ਉਲਟੀ ਹਵਾ ਚੱਲ ਪੈਂਦੀ ਹੈ। ਜਦੋਂ ਕੋਈ ਹਰ ਕਿਸੇ ਨਾਲ ਉਲਝ ਪੈਣ ਦੀ ਆਦਤ ਬਣਾ ਲਵੇ, ਉਹ ਛੇਤੀ ਹੀ ਕੈਨਵਸ ਤੋਂ ਓਹਲੇ ਹੋ ਜਾਂਦਾ ਹੈ। ਫੇਰ ਦੁਆਰਾ ਓਹੜ-ਪੋਹੜ ਕਰਨ ਲਈ ਵਰੇ ਲੱਗ ਜਾਂਦੇ ਹਨ। ਉਸ ਦੀ ਹਾਲਤ ਊਠ ਵਰਗੀ ਬਣ ਜਾਂਦੀ ਹੈ। ਉਹ ਲੋਕਾਂ ਵੱਲ ਮੂੰਹ ਚੁੱਕਦਾ ਹੈ ਪਰ ਲੋਕ ਉਸ ਨੂੰ ਓਪਰੀ ਨਜ਼ਰ ਦਾ ਨਾਲ ਵੀ ਨੀਂ ਵੇਖਦੇ। ਜਦੋਂ ਸਮਾਜ ਦਾ ਊੜਾ ਐੜਾ ਨਾ ਜਾਨਣ ਵਾਲੇ ਸਮਾਜ ਦੇ ਚੌਧਰੀ ਬਣ ਜਾਣ ਫੇਰ ਉਨ੍ਹਾਂ ਦੇ ‘ਉਡਦਾ ਛਾਪਾ’ ਵੀ ਗਲੇ ਆ ਲੱਗਦਾ ਹੈ। ਫੇਰ ਉਹਦੀ ਉਤੋਂ ਦੀ ਪੈਣ ਦੀ ਰੀਤ ਨੂੰ ਉਠਾਲਾ ਕਰਨਾ ਪੈਂਦਾ ਹੈ ਤੇ ਕੋਈ ਉਨ੍ਹਾਂ ਦੀ ਉਂਗਲ ਉਤੇ ਮੂਤਰ ਨਹੀਂ ਕਰਦਾ।

ਜਿਹੜੇ ਆਪਣੇ ਆਪ ਨੂੰ ਉਸਤਾਦ ਮੰਨਣ ਦਾ ਭਰਮ ਪਾ ਲੈਂਦੇ ਹਨ, ਉਹ ਉਚਾ-ਨੀਵਾਂ ਬੋਲਣ ਲੱਗੇ ਥਾਂ-ਕੁ-ਥਾਂ ਨਹੀਂ ਦੇਖਦੇ। ਇਹੋ ਜਿਹਾ ਸਿਆਸਤਦਾਨਾਂ ਦਾ ਜਦੋਂ ਲੋਕ ਉਧਾਰ ਵਿਆਜ਼ ਸਮੇਤ ਮੋੜਦੇ ਹਨ ਤਾਂ ਉਹ ਉਪਰ ਦੇਖਣਾ ਹੀ ਭੁੱਲ ਜਾਂਦੇ ਹਨ। ਭਾਵੇਂ ਹਰ ਵੇਲੇ ਉਲੂ ਸਿੱਧਾ ਨਹੀਂ ਹੁੰਦਾ, ਪਰ ਉੱਲੂ ਬਨਾਉਣ ਵਾਲੇ ਜਦੋਂ ਉਸਤਾਦੀ ਘੋਟਣ ਲੱਗਦੇ ਹਨ ਤਾਂ ਲੋਕ ਉਸ ਨੂੰ ਨਜ਼ਰ ਅੰਦਾਜ਼ ਕਰਨ ਲੱਗਦੇ ਹਨ। ‘ਉਂਗਲਾਂ’ਉਤੇ ਨੱਚਣਾ ਤੇ ਨਚਾਉਣਾ ਔਖਾ ਹੁੰਦਾ ਹੈ। ਜਦੋਂ ਸੱਤਾ ਉਜਾੜ ਭਾਲਣ ਦੇ ਰਸਤੇ ਤੁਰਦਿਆਂ ਵਿਕਾਸ ਦੀਆਂ ਗੱਲਾਂ ਕਰਦੀ ਹੈ ਤਾਂ ਉਲਟੀ ਗੰਗਾ ਪਹੇਵੇ ਵੱਲ ਨੂੰ ਤੁਰਨ ਲੱਗਦੀ ਹੈ, ਇਨ੍ਹਾਂ ਸਮਿਆਂ ਵਿੱਚ ਜਦੋਂ ਸ਼ਬਦਾਂ ਦੇ ਖਿਡਾਰੀ ਸ਼ਬਦਾਂ ਦੀਆਂ ਬੁੱਚੀਆਂ ਪਾਉਣ ਦੇ ਲਈ ਮਦਾਰੀ ਬਣ ਜਾਣ ਤਾਂ ਆਮ ਲੋਕਾਂ ਦੇ ਪੱਲੇ ਕੱਖ ਨਹੀਂ ਪੈਂਦਾ।

ਲੋਕ ਪੱਲੇ ਝਾੜਦੇ ਊਠ ਦੇ ਡਿੱਗਦੇ ਬੁੱਲ ਵਾਂਗ ਮਗਰ ਮਗਰ ਤੁਰਦੇ ਖਾਲੀ ਹੱਥ ਘਰਾਂ ਨੂੰ ਪਰਤ ਆਉਂਦੇ ਹਨ। ਕਈ ਵਾਰ ਘਰਾਂ ਨੂੰ ਮੁੜਨਾ ਔਖਾ ਹੁੰਦਾ ਹੈ ਪਰ ਘਰ ਅਸੀਂ ਆਏ ਨੂੰ ਕਦੇ ਦੁਰਕਾਰਦੇ ਨਹੀਂ। ਘਰ ਹਮੇਸ਼ਾਂ ਬਾਹਰ ਗਿਆਂ ਦੀ ਉਡੀਕ ਵਿੱਚ ਦਰਵਾਜ਼ੇ ਖੁੱਲੇ ਰੱਖਦੇ ਹਨ। ਜਦੋਂ ਢਿੱਡ ਰੋਟੀ ਦੀ ਭਾਲ ਲਈ ਪਰਵਾਸ ਕਰਦਾ ਹੈ ਤਾਂ ਘਰ ਉਦਾਸ ਨਹੀਂ ਹੁੰਦੇ, ਪਰ ਜਦੋਂ ਪਰਵਾਸੀਆਂ ਦੀਆਂ ਮੋਹ ਭਰੀਆਂ ਖ਼ਬਰਾਂ ਦੀ ਵਜਾਏ ਮਾੜੀਆਂ ਖ਼ਬਰਾਂ ਆਉਣ ਤਾਂ ਘਰ ਭੁੱਬਾਂ ਮਾਰ ਕੇ ਰੋਂਦੇ ਹਨ। ਘਰਾਂ ਵਿੱਚ ਭੁੱਜਦੀ ਭੰਗ ਵੀ, ਚੁਗਲੀਆਂ ਕਰਦੀ ਹੋਈ ਨਸੀਹਤਾਂ ਦੇਣ ਲੱਗਦੀ ਹੈ। ਉਲਟੀ ਪੁਲਟੀ ਗੱਲ ਹੁਣ ਕਰਨੀ ਜਿੰਨੀ ਔਖੀ ਹੈ ਤੇ ਉਸ ਤੋਂ ਵਧੇਰੇ ਔਖੀ ਹਜ਼ਮ ਕਰਨੀ ਹੈ। ਕਿਉਂਕਿ ਹੁਣ ਹਰਿਕ ਦਾ ਹਾਜ਼ਮਾ ਖਰਾਬ ਹੈ।

ਸ਼ਬਦਾਂ ਦੇ ‘ਲਿਖਾਰੀ’ ਹੁਣ ‘ਵਪਾਰੀ’ ਬਣ ਗਏ ਹਨ। ਇਸੇ ਕਰਕੇ ਊੜਾ ਅੈੜਾ ਪੁਕਾਰ ਰਿਹਾ ਹੈ, ਕੋਈ ਤਾਂ ਉਸ ਦੀ ਆਵਾਜ਼ ਸੁਣੋ। ਊੜੇ ਤੇ ਜੂੜੇ ਨੂੰ ਅਸੀਂ ਘਰਾਂ ਵਿੱਚੋਂ ਕੱਢ ਕੇ ‘ਅੰਗਰੇਜ਼ੀ’ ਨੂੰ ਆਪਣੀ ਰਖੇਲ ਬਣਾ ਲਿਆ ਹੈ। ਅਸੀਂ ਭਰਮ ਦੇ ਗੁਲਾਮ ਬਣ ਗਏ ਹਾਂ ।

ਹੁਣ ਵਿਚਾਰਾ ਊੜਾ ਕਰੇ ਤਾਂ ਕੀ ਕਰੇ ? ਊੜੇ ਦੀਆਂ ਪੈਂਦੀਆਂ ਚੀਕਾਂ ਕੌਨਵੈਂਟ ਸਕੂਲਾਂ, ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ ਵਿਚ ਸੁਣੀਆਂ ਜਾ ਸਕਦੀਆਂ ਹਨ। ਊੜੇ ਦਾ ਕੋਈ ਵਾਲੀ ਵਾਰਿਸ ਨਹੀਂ ਤੇ ਸਾਹਿਤਕਾਰ ਤੇ ਸਾਹਿਤਕ ਸੰਸਥਾਵਾਂ ਮਾਂ ਬੋਲੀ ਦੇ ਨਾਂ ‘ਤੇ ਰੋਟੀਆਂ ਸੇਕਦੀਆਂ ਹਨ। ਪਰ ਊੜੇ ਦੀ ਕੋਈ ਨੀ ਸੁਣਦਾ । ਇਸੇ ਕਰਕੇ ਇਹ ਅਪਣੇ ਹੀ ਘਰ ਵਿੱਚ ਪਰਾਇਆ ਹੋ ਗਿਆ ਹੈ। ਇਸਨੂੰ ਆਪਣਾ ਘਰ ਕਦੋਂ ਮਿਲੇਗਾ? ਪਤਾ ਨਹੀਂ । ਊੜੇ ਨੂੰ ਘਰ ਮਿਲੇ ਨਾ ਮਿਲੇ ਪਰ ਅਗਲੀਆਂ ਚੋਣਾਂ ਤੱਕ ਸਰਕਾਰ ਦੀ ਯੋਜਨਾ ਹੈ ਕਿ ਉਹ ਗਰੀਬਾਂ ਮਕਾਨ ਬਣਾ ਕੇ ਦੇ ਦੇਵੇ। ਘਰ ਤਾਂ ਜ਼ਿੰਦਗੀ ਦੇ ਵਿਚ ਸਾਰੀ ਉਮਰ ਨਹੀਂ ਬਣਦਾ, ਅੱਜ ਸਾਡੇ ਆਲੇ ਦੁਆਲੇ ਕੋਠੀਆਂ, ਮਹਿਲ, ਮੁਨਾਰੇ, ਮਕਾਨ ਤੇ ਪਤਾ ਨੀਂ ਘਰਾਂ ਦੇ ਨਾ ‘ਤੇ ਬਣਾਏ ਜਾ ਰਹੇ ਹਨ।

ਇਹਨਾਂ ਕੋਠੀਆਂ ਤੇ ਮਹਿਲਾਂ ਦੇ ਵਿਚੋਂ ‘ਊੜਾ ਤੇ ਜੂੜਾ’ ਹੀ ਨਹੀਂ ਸਾਡੇ ਮਾਪੇ ਵੀ ਬੇਦਖ਼ਲ ਹੋ ਰਹੇ ਹਨ। ਮਕਾਨਾਂ ਤੇ ਕੋਠੀਆਂ ਦੇ ਵਿਚ ਕੁੱਤੇ, ਬਿੱਲੀਆਂ, ਡੈਣਾਂ ਦਾ ਵਸੇਰਾ ਹੋ ਰਿਹਾ ਹੈ। ਇਸੇ ਕਰਕੇ ਸਾਡੇ ਆਲੇ ਦੁਆਲੇ ਬਿਰਧ ਆਸ਼ਰਮ ਵੱਧ ਰਹੇ ਹਨ। ਜਿਹਨਾਂ ਦੇ ਵਿਚ ਇਨਸਾਨ ਹੱਸਦੇ ਤੇ ਢੋਲੇ ਦੀਆਂ ਲਾਉਦੇ ਹਨ। ਕੋਠੀਆਂ ਤੇ ਮਕਾਨਾਂ ਦੇ ਵਿਚ ਚੀਕ ਚਿਹਾੜਾ ਤੇ ਚੀਕਾਂ ਪੈਂਦੀਆਂ ਹਨ। ਘਰ ਉਦਾਸ ਹਨ ਤੇ ਮਕਾਨ ਨੱਚਦੇ ਤੇ ਟੱਪਦੇ ਜਸ਼ਨ ਮਨਾਉਦੇ ਹਨ।

ਊੜਾ ਵੀ ਜਾਣਦਾ ਹਰ ਕੋਈ ਹੁਣ ਆਪਣੀ ਆਮਦਨ ਵਧਾਉਣ ਦੇ ਲਈ ਆਪਣਿਆਂ ਨੂੰ ਮਾਰ ਰਿਹਾ ਹੈ। ਹੁਣ ਘਰ ਤੇ ਕਤਲਗਾਹ ਬਣ ਰਹੇ ਨੇ। ਹੁਣ ਇੱਥੇ ਲੜਾਈ ਇੱਕ ਦੀ ਹੀ ਨਹੀਂ ਸਭ ਦੀ ਬਣਦੀ ਜਾ ਰਹੀ ਪਰ ਸਾਨੂੰ ਸਮਝ ਨਹੀਂ ਲੱਗੀ ਕਿ ਲੜ੍ਹਾਈ ਕਿਸਦੇ ਨਾਲ ਕਰਨੀ ਹੈ। ਅਸੀਂ ਆਪਸ ਵਿੱਚ ਹੀ ਲੜੀ ਜਾ ਰਹੇ ਤੇ ਮਰ ਜਾ ਰਹੇ । ਹੁਣ ਸਾਡੇ ਆਪਣਿਆਂ ਨੇ ਹੀ ਸਾਡੇ ਗਲਾਂ ਨੂੰ ਫਾਹਾ ਪਾ ਦਿੱਤਾ ਹੈ । ਅਸੀਂ ਆਪੋ ਆਪਣੀ ਡੱਫਲੀ ਵਜਾ ਰਹੇ ਕੁੱਟ ਖਾ ਰਹੇ ਤੇ ਮਾਰੇ ਜਾ ਰਹੇ ਹਾਂ । ਅਸੀਂ ਹਰ ਵੇਲੇ ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਹਾਂ ਪਰ ਘਰ ਆਪਣੇ ਭਰਦੇ ਹਾਂ ਤੇ ਗੱਲਾਂ ਸਮਾਜਵਾਦ ਤੇ ਬਰਾਬਰਤਾ ਦੀਆਂ ਕਰਦੇ ਹਾਂ । ਅਸੀਂ ਗੁਰੂ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੇ ਹੁਕਮ ਨਹੀਂ; ਗੁਰਬਾਣੀ ਨੂੰ ਸਿਰਫ ਮੱਥਾ ਟੇਕਦੇ ਹਾਂ ਪਰ ਉਸਤੇ ਅਮਲ ਨਹੀਂ ਕਰਦੇ ।

ਸਾਡੀ ਫੁੱਟ ਦਾ ਉਹ ਸਿਆਸੀ ਮੌਕੇ ਅਨੁਸਾਰ ਫਾਇਦਾ ਚੁੱਕਦੇ ਹਨ।ਅਸੀਂ ਹਰ ਲੁੱਟੇ ਜੁਆਰੀਏ ਹੱਥ ਮਲਦੇ ਰਹਿ ਜਾਂਦੇ ਹਾਂ । ਹੁਣ ਲੜਨ ਦੀ ਲੋੜ ਹੈ । ਦੁਸ਼ਮਣ ਸਾਂਝਾ ਹੈ ਤੇ ਦਿਖਦਾ ਹੈ । ਜੰਗ ਹੁਣ ਸਿਰ ਵਾਰਨ ਦੀ ਨਹੀਂ ; ਦੁਜੇ ਦਾ ਸਿਰ ਲੈਣ ਦੀ ਲੋੜ ਹੈ । ਹੁਣ ਸਾਂਝੀ ਜੰਗ ਦੀ ਜਰੂਰਤ ਹੈ, ਇਹ ਹੁਣ ਸਮੇਂ ਦੀ ਵੀ ਮੰਗ ਹੈ। ਜੰਗ ਲੜਿਆ ਹੀ ਹੁਣ ਸਰਨਾ ਹੈ ਡਰ ਕੇ ਵਿਦੇਸ਼ਾਂ ਨੂੰ ਭੱਜੋ ਨਾ। ਸਮੇਂ ਦੀ ਚਾਲ ਸਮਝੋ। ਆਪਣੀਆਂ ਅਗਲੀਆਂ ਵਾਲੀਆਂ ਨਸਲਾਂ ਦੇ ਕਾਤਲ ਨਾ ਬਣੋ, ਸਗੋਂ ਹਿੱਕ ਤਾਣ ਖੜੋ। ਮਰਨਾ ਤਾਂ ਸਭ ਨੇ ਹੈ। ਦੇਸ ਕੌਮ ਤੇ ਸਮਾਜ ਲਈ ਮਰੋ। ਧਾੜਵੀ ਆ ਗਏ ਹਨ।ਮੂੰਹ ਉਤੇ ਵਿਕਾਸ ਦਾ ਨਕਾਬ ਪਾ ਕੇ।

ਅੰਗਰੇਜ਼ ਕੌਮ ਕਦੇ ਸਿਰ ਵਾਰ ਦੀ ਨਹੀਂ ਸਗੋਂ ਸਿਰ ਲੈੰਦੀ ਰਹੀ ਹੈ ਤੇ ਦੁਨੀਆਂ ਉਤੇ ਰਾਜ ਕਰਦੀ ਹੈ । ਅਸੀਂ ਸਿਰ ਵਾਰਦੇ ਹਾਂ ਤੇ ਸਦਾ ਗੁਲਾਮ ਰਹਿੰਦੇ ਹਨ ; ਫੇਰ ਕਹਿੰਦੇ ਹਾਂ ” ਪੰਜਾਬੀਆਂ ਦੀ ਸ਼ਾਨ ਵੱਖਰੀ ?” ਹੁਣ ਕਿਸੇ ਅਬਦਾਲੀ ਜਾਂ ਗੋਰੇ ਦੇ ਵਿਰੁਧ ਜੰਗ ਨਹੀਂ ਆਪਣਿਆਂ ਦੇ ਖਿਲਾਫ਼ ਲੜਨੀ ਪੈਣੀ ਹੈ। ਆਓ! ਸਾਂਝੀ ਜੰਗ ਲੜੀਏ ਤੇ ਕੱਲੇ ਕੱਲੇ ਨਾ ਮਰੀਏ। ਜਿੱਤ ਸਦਾ ਲੋਕਾਂ ਦੀ ਹੁੰਦੀ ਆਈ ਹੈ। ਜੈ ਜਨਤਾ ਦੀ ਹੁੰਦੀ ਹੈ । ਹੁਣ ਜਿੱਤ ਲੋਕਾਂ ਦੀ ਤੇ ਹਾਰ ਖੂਨ ਪੀਣੀਆਂ ਜੋਕਾਂ ਦੀ ਹੋਵੇਗੀ ।

ਹੁਣ ਸਿਰ ਜੋੜਣ ਦਾ ਵੇਲਾ ਐ,
ਪਹਿਲਾਂ ਹੀ ਬਹੁਤ ਕੁਵੇਲਾ ਐ
ਆਪਣੇ ਨਿੱਜੀ ਲਾਲਚ ਛੱਡਕੇ ਹੋਵੋ ਇਕਜੁੱਟ ।

ਹੁਣ ਹਰ ਬਾਰ ਉਜੜ ਕੇ ਵਸਣਾ ਮੁਸ਼ਕਿਲ ਹੈ । ਉਜੜ ਰਹੇ ਪੰਜਾਬ ਨੂੰ ਬਚਾ ਲਵੋ ਤੇ ਗਿਰਝਾਂ ਦੇ ਗਲੇ ਨੂੰ ਹੱਥ ਪਾ ਲਵੋ । ਬੰਦਿਆਂ ਤੇ ਪੰਛੀਆਂ ਦੇ ਆਲਣੇ ਬਚਾ ਲਵੋ !

ਬੁੱਧ ਸਿੰਘ ਨੀਲੋਂ
9464370823

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਚੈਕਅੱਪ ਕੈਂਪ
Next articleਪ੍ਰਵਾਸੀ ਭਾਰਤੀ ਸੋਮ ਥਿੰਦ ਯੂ ਕੇ ਤੇ ਜੀਤ ਬਾਬਾ ਬੈਲਜੀਅਮ ਨੇ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ ।