ਤਿੰਨ ਫ਼ੌਜੀ ਜਵਾਨ ਤੇ ਇੱਕ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਮੁਕਾਬਲੇ ਦੌਰਾਨ ਚਾਰ ਦਹਿਸ਼ਤਗਰਦ ਮਾਰੇ ਗਏ ਜਦਕਿ ਤਿੰਨ ਫ਼ੌਜੀ ਜਵਾਨ ਅਤੇ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸਾਰੇ ਮ੍ਰਿਤਕ ਦਹਿਸ਼ਤੀ ਜਥੇਬੰਦੀਆਂ ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸਨ। ਪੁਲੀਸ ਦੇ ਤਰਜਮਾਨ ਅਨੁਸਾਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲਾਸੀਪੋਰਾ ਖੇਤਰ ਵਿਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਪੱਕੀ ਮੁਖਬਰੀ ਮਿਲਣ ’ਤੇ ਸੁਰੱਖਿਆਂ ਬਲਾਂ ਨੇ ਅੱਜ ਸਵੇਰੇ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਕੀਤੇ ਜਾਣ ’ਤੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਚਾਰ ਦਹਿਸ਼ਤਗਰਦ ਮਾਰੇ ਗਏ। ਘਟਨਾ ਸਥਾਨ ਤੋਂ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਤਰਜਮਾਨ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਤਿੰਨ ਫੌਜੀ ਜਵਾਨ ਅਤੇ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਇਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਸ਼ਨਾਖਤ ਜ਼ਫ਼ਰ ਪੌਲ ਵਾਸੀ ਡੰਗੇਰਪੋਰਾ ਸ਼ੋਪੀਆਂ, ਤੌਸੀਫ ਅਹਿਮਦ ਯਾਟੂ ਵਾਸੀ ਗੁਡਬੁੱਗ ਪੁਲਵਾਮਾ, ਅਕੀਬ ਅਹਿਮਦ ਕੁਮਾਰ ਵਾਸੀ ਹੇਲੋ ਸ਼ੋਪੀਆਂ ਅਤੇ ਮੁਹਮੰਦ ਸ਼ਾਫ਼ੀ ਭੱਟ ਵਾਸੀ ਸੇਡੋ ਸ਼ੋਪੀਆਂ ਵਜੋਂ ਹੋਈ ਹੈ। ਤਰਜਮਾਨ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਅਤੇ ਹਿਜ਼ੁਬਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ। ਇਹ ਸਾਰੇ ਵੱਖ ਵੱਖ ਦਹਿਸ਼ਤੀ ਅਪਰਾਧਾਂ ਕਾਰਨ ਲੋੜੀਂਦੇ ਸਨ।