ਪਾਟੀਦਾਰ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਕਰਾਰਾ ਝਟਕਾ ਲੱਗਾ ਹੈ। ਗੁਜਰਾਤ ਹਾਈ ਕੋਰਟ ਨੇ ਪਟੇਲ ਨੂੰ 2015 ਦੇ ਇਕ ਦੰਗਿਆਂ ਨਾਲ ਸਬੰਧਤ ਕੇਸ ਵਿਚ ਹੋਈ ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਜਦਕਿ ਗੁਜਰਾਤ ਵਿਚ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਚਾਰ ਅਪਰੈਲ ਹੈ, ਹਾਰਦਿਕ ਕੋਲ ਸੁਪਰੀਮ ਕੋਰਟ ਪਹੁੰਚ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ। ਹਾਰਦਿਕ ਨੇ 12 ਮਾਰਚ ਨੂੰ ਕਾਂਗਰਸ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਜਾਮਨਗਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਸੀ। ਇਸ ਮਾਮਲੇ ਵਿਚ ਪਹਿਲਾਂ ਹੋਈਆਂ ਸੁਣਵਾਈਆਂ ’ਚ ਗੁਜਰਾਤ ਸਰਕਾਰ ਨੇ ਹਾਰਦਿਕ ਦੀ ਅਰਜ਼ੀ ਦਾ ਤਕੜਾ ਵਿਰੋਧ ਕੀਤਾ ਸੀ। ਸੂਬਾ ਸਰਕਾਰ ਨੇ ਤਰਕ ਦਿੱਤਾ ਸੀ ਕਿ ਹਾਰਦਿਕ ਵਿਰੁੱਧ 17 ਐਫਆਈਆਰ ਹਨ ਤੇ ਦੋ ਮਾਮਲੇ ਦੇਸ਼ਧ੍ਰੋਹ ਦੇ ਵੀ ਹਨ। ਹਾਰਦਿਕ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਫ਼ੈਸਲੇ ਦਾ ਅਧਿਐਨ ਕਰ ਕੇ ਸੁਪਰੀਮ ਕੋਰਟ ਜਾਣ ਬਾਰੇ ਸੋਚਣਗੇ। ਜੱਜ ਨੇ ਕਿਹਾ ਕਿ ਸਜ਼ਾ ’ਤੇ ਰੋਕ ਕੁਝ ਵਿਸ਼ੇਸ਼ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਹੀ ਲਾਈ ਜਾ ਸਕਦੀ ਹੈ ਤੇ ਹਾਰਦਿਕ ਦਾ ਕੇਸ ਇਸ ਸ਼੍ਰੇਣੀ ਵਿਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਹਾਰਦਿਕ ਦੇ ਅਪਰਾਧਕ ਪਿਛੋਕੜ ਦੇ ਮੱਦੇਨਜ਼ਰ ਰੋਕ ਲਾਉਣਾ ਸੰਭਵ ਨਹੀਂ। ਜ਼ਿਕਰਯੋਗ ਹੈ ਕਿ ਪਟੇਲ ਨੂੰ ਪਿਛਲੇ ਸਾਲ ਜੁਲਾਈ ਵਿੱਚ ਮੇਹਸਾਨਾ ਜ਼ਿਲ੍ਹੇ ਦੀ ਅਦਾਲਤ ਵੱਲੋਂ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਈ ਕੋਰਟ ਨੇ ਪਿਛਲੇ ਵਰ੍ਹੇ ਅਗਸਤ ਵਿਚ ਸਜ਼ਾ ਮੁਅੱਤਲ ਕਰ ਦਿੱਤੀ ਸੀ, ਪਰ ਸਜ਼ਾ ’ਤੇ ਰੋਕ ਨਹੀਂ ਲਾਈ ਸੀ।
INDIA ਹਾਰਦਿਕ ਦੀ ਚੋਣ ਮੁਹਿੰਮ ਨੂੰ ਕਰਾਰਾ ਝਟਕਾ