ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਸੱਤਾ ਖੁੱਸਣ ਦਾ ਡਰ ਸਤਾਉਣ ਲੱਗਾ ਹੈ। ਦੇਸ਼ ਨੂੰ ਸੰਬੋਧਨ ਕਰਨ ਮੌਕੇ ਸ੍ਰੀ ਮੋਦੀ ਦੀ ਇਹ ਬੇਚੈਨੀ ਅੱਜ ਸਾਫ਼ ਝਲਕ ਰਹੀ ਸੀ ਕਿ ‘ਉਨ੍ਹਾਂ ਦੇ ਜਾਣ ਦਾ ਸਮਾਂ ਆ ਗਿਆ ਹੈ।’ ਸ੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਹਿਸਾਸ ਹੋਣ ਲੱਗਾ ਹੈ ਕਿ ਕਾਂਗਰਸ ਪਾਰਟੀ ਹੁਣ ਗਰੀਬਾਂ ਨੂੰ ਨਿਆਂ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਮੁਲਕ ਨੂੰ ਮੇਕ ਇਨ ਅੰਬਾਨੀ ਨਹੀਂ ਬਲਕਿ ਮੇਕ ਇਨ ਇੰਡੀਆ ਬਣਾਉਣਾ ਚਾਹੁੰਦੀ ਹੈ। ਕਾਂਗਰਸ ਪ੍ਰਧਾਨ ਨੇ ਲੰਘੇ ਦਿਨੀਂ ਅਤਿ ਗਰੀਬਾਂ ਲਈ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਦਾ ਐਲਾਨ ਕੀਤਾ ਸੀ, ਜਿਸ ਤਹਿਤ ਪੰਜ ਕਰੋੜ ਗਰੀਬ ਪਰਿਵਾਰਾਂ ਨੂੰ ਸਾਲਾਨਾ 72000 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਦਿੱਤੇ ਜਾਣਗੇ। ਸ੍ਰੀ ਗਾਂਧੀ ਇਥੇ ਪਾਰਟੀ ਦੇ ਹੋਰਨਾਂ ਪੱਛੜੇ ਵਰਗਾਂ (ਓਬੀਸੀ) ਨਾਲ ਸਬੰਧਤ ਵਿਭਾਗ ਦੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ਪ੍ਰਧਾਨ ਨੇ ਓਬੀਸੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਜਲਦੀ ਹੀ ਉਨ੍ਹਾਂ ਵਿਚੋਂ ਹੋਰ ਸੰਸਦ ਮੈਂਬਰ ਤੇ ਵਿਧਾਇਕ ਨਿਕਲ ਕੇ ਆਉਣਗੇ। ਸਥਾਨਕ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, ‘ਉਨ੍ਹਾਂ (ਪ੍ਰਧਾਨ ਮੰਤਰੀ) ਐਲਾਨ ਕਰਨ ਤੋਂ ਪਹਿਲਾਂ 45 ਮਿੰਟਾਂ ਤਕ ਮੁਲਕ ਨੂੰ ਉਡੀਕ ਕਰਵਾਈ। ਕੀ ਤੁਸੀਂ ਉਹਦਾ ਮੂੰਹ ਵੇਖਿਆ? ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਕਾਂਗਰਸ ਹੁਣ ਨਿਆਂ ਦੇਵੇਗੀ…ਮੋਦੀ ਨੂੰ ਹੁਣ ਡਰ ਹੈ ਕਿ ਉਹਦੇ ਜਾਣ ਦਾ ਸਮਾਂ ਆ ਗਿਆ ਹੈ।’ ਪ੍ਰਧਾਨ ਮੰਤਰੀ ’ਤੇ ਹੱਲਾ ਬੋਲਦਿਆਂ ਸ੍ਰੀ ਗਾਂਧੀ ਨੇ ਕਿਹਾ ਸਾਲ 2014 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਨੇ ਲੋਕਾਂ ਨੂੰ 15 ਲੱਖ ਰੁਪਏ ਦੇਣ ਦਾ ਝੂਠ ਬੋਲਿਆ, ਪਰ ਸਰਕਾਰ ਤਜਵੀਜ਼ਤ ਆਮਦਨ ਗਾਰੰਟੀ ਸਕੀਮ ਤਹਿਤ 72000 ਰੁਪਏ ਦੇਵੇਗੀ। ਰਾਹੁਲ ਨੇ ਕਿਹਾ, ‘ਅਸੀਂ 15 ਲੱਖ ਰੁਪਏ ਨਹੀਂ ਦੇ ਸਕਦੇ, ਪਰ ਅਸੀਂ ਝੂਠ ਨਹੀਂ ਬੋਲਾਂਗੇ। ਅਸੀਂ ਗਰੀਬਾਂ ਦੇ ਬੈਂਕ ਖਾਤਿਆਂ ’ਚ 3.2 ਲੱਖ ਕਰੋੜ ਰੁਪਏ ਪਾਵਾਂਗੇ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਖਿਆ ਹੈ ਕਿ ਕਿਸੇ ਵੀ ਵਰਗ ਨਾਲ ਸਬੰਧਤ ਨੌਜਵਾਨ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਪਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਮੁਲਕ ਨੂੰ ‘ਮੇਕ ਇਨ ਅੰਬਾਨੀ’ ਨਹੀਂ ਬਲਕਿ ‘ਮੇਕ ਇਨ ਇੰਡੀਆ’ ਬਣਾਉਣਾ ਚਾਹੁੰਦੀ ਹੈ।
INDIA ਮੋਦੀ ਨੂੰ ਸੱਤਾ ਖੁੱਸਣ ਦਾ ਡਰ ਸਤਾਉਣ ਲੱਗਾ: ਰਾਹੁਲ