ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣੇ ਭਰਾ ਤੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਹਲਕੇ ਅਮੇਠੀ ਵਿਚ ਚੋਣ ਪ੍ਰਚਾਰ ਕਰਦਿਆਂ ਅੱਜ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਭਾਜਪਾ ਦੀ ‘ਜੁਮਲੇਬਾਜ਼ੀ’ ਤੇ ਖੋਖ਼ਲੇ ਦਾਅਵਿਆਂ ਨੂੰ ਬੇਨਕਾਬ ਕਰਨ। ਪ੍ਰਿਯੰਕਾ ਲਖਨਊ ਤੋਂ ਇੱਥੇ ਬੂਥ ਪੱਧਰ ਦੇ ਵਰਕਰਾਂ ਨਾਲ ਸੰਵਾਦ ਕਰਨ ਲਈ ਪੁੱਜੀ ਸੀ। ਉਸ ਨੇ ਕਰੀਬ ਦੋ ਘੰਟੇ ਇੱਥੇ ਬਿਤਾਏ ਤੇ ਯੂਪੀ ਵਿਚ ਆਪਣੇ ਚੋਣ ਪ੍ਰਚਾਰ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ। ਲੰਮੇ ਸਮੇਂ ਤੋਂ ਕਾਂਗਰਸ ਦਾ ਗੜ੍ਹ ਰਹੇ ਅਮੇਠੀ ਹਲਕੇ ਵਿਚ ਬੂਥ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਜਦ ਤੱਕ ਸਰਕਾਰ ਦੀ ਨਾਕਾਮੀ ਨੂੰ ਲੋਕਾਂ ਤੱਕ ਨਹੀਂ ਪਹੁੰਚਾਇਆ ਜਾਂਦਾ, ਉਨ੍ਹਾਂ ਨੂੰ ਅਸਲੀਅਤ ਦਾ ਪਤਾ ਨਹੀਂ ਲੱਗ ਸਕੇਗਾ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅਮੇਠੀ ਨੇ ਨੋਟਬੰਦੀ ਕਾਰਨ ਕਾਫ਼ੀ ਨੁਕਸਾਨ ਝੱਲਿਆ ਹੈ, ਆਵਾਰਾ ਪਸ਼ੂਆਂ ਦੀ ਸਮੱਸਿਆ ਤੇ ਮਗਨਰੇਗਾ ਬੰਦ ਹੋਣ ਕਾਰਨ ਵੀ ਲੋਕ ਸੰਤਾਪ ਝੱਲ ਰਹੇ ਹਨ। ਪ੍ਰਿਯੰਕਾ ਨੇ ਕਿਹਾ ਕਿ ਅਮੇਠੀ ਲਈ ਐਲਾਨਿਆ ਫੂਡ ਪਾਰਕ ਤੇ ਭਾਰਤੀ ਸੂਚਨਾ ਤਕਨੀਕ ਸੰਸਥਾ (ਆਈਆਈਆਈਟੀ) ਵੀ ਨਹੀਂ ਬਣਾਈ ਗਈ। ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਰਾਜ ਵਿਚ ਦੇਸ਼ ਨੇ ਮਾਚਿਸ ਤੋਂ ਮਿਸਾਈਲ ਬਣਾਉਣ ਤੱਕ ਦੀ ਮੁਹਾਰਤ ਹਾਸਲ ਕੀਤੀ ਹੈ ਜਦਕਿ ਭਾਜਪਾ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਵਿਦੇਸ਼ੀ ਯਾਤਰਾਵਾਂ ਹੀ ਕੀਤੀਆਂ। ਉਨ੍ਹਾਂ ਕਿਹਾ ਕਿ ਪਾਰਟੀ ਘੱਟੋ ਘੱਟ ਆਮਦਨ ਗਾਰੰਟੀ ਸਕੀਮ ਨੂੰ ਲਾਗੂ ਕਰ ਕੇ ਦਿਖਾਵੇਗੀ। ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਘੱਟੋ ਘੱਟ ਆਮਦਨ ਗਾਰੰਟੀ ਬਾਰੇ ਆਰਥਿਕ ਮਾਹਿਰਾਂ ਤੇ ਹੋਰ ਹਿੱਤ ਰੱਖਣ ਵਾਲਿਆਂ ਨਾਲ ਵਿਚਾਰ ਕੀਤਾ ਗਿਆ ਹੈ ਤੇ ਇਸ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮੇਠੀ ਪਰਿਵਾਰ ਵਾਂਗ ਹੈ ਤੇ ਰਾਹੁਲ ਇੱਥੋਂ ਹੀ ਚੋਣ ਲੜਨਗੇ। ਪ੍ਰਿਯੰਕਾ ਨੇ ਕਿਹਾ ਕਿ ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ‘ਟਾਈਮ ਪਾਸ’ ਲਈ ਚੋਣ ਲੜ ਰਹੀ ਹੈ ਤੇ ਹਲਕੇ ਨਾਲ ਕੋਈ ਲੈਣਾ-ਦੇਣਾ ਨਹੀਂ।
INDIA ਲੋਕਾਂ ਨੂੰ ਭਾਜਪਾ ਦੀ ‘ਜੁਮਲੇਬਾਜ਼ੀ’ ਬਾਰੇ ਦੱਸਣਾ ਜ਼ਰੂਰੀ: ਪ੍ਰਿਯੰਕਾ