ਸਟਰਾਈਕਰ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਕੈਨੇਡਾ ਨੂੰ 7-3 ਗੋਲਾਂ ਨਾਲ ਹਰਾ ਕੇ ਅੱਜ 28ਵੇਂ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮਨਦੀਪ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ ਵਿੱਚ ਗੋਲ ਦਾਗ਼ੇ। ਇਸ ਤੋਂ ਪਹਿਲਾਂ ਵਰੁਨ ਕੁਮਾਰ ਨੇ ਭਾਰਤ ਨੂੰ 12ਵੇਂ ਮਿੰਟ ਵਿੱਚ ਲੀਡ ਦਿਵਾਈ ਸੀ। ਅੱਧੇ ਮੈਚ ਤੱਕ ਭਾਰਤ 4-0 ਗੋਲਾਂ ਨਾਲ ਅੱਗੇ ਸੀ। ਕੈਨੇਡਾ ਲਈ ਮਾਰਕ ਪੀਅਰਸਨ ਨੇ 35ਵੇਂ ਮਿੰਟ ਵਿੱਚ ਗੋਲ ਦਾਗ਼ਿਆ। ਇਸ ਤੋਂ ਬਾਅਦ ਭਾਰਤ ਲਈ ਅਮਿਤ ਰੋਹਿਦਾਸ ਨੇ 39ਵੇਂ, ਵਿਵੇਕ ਪ੍ਰਸਾਦ ਨੇ 55ਵੇਂ ਅਤੇ ਨੀਲਕਾਂਤਾ ਸ਼ਰਮਾ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਕੈਨੇਡਾ ਲਈ ਫਿਨ ਬੂਥਰਾਇਡ ਨੇ 50ਵੇਂ ਅਤੇ ਜੇਮਜ਼ ਵਾਲਾਜ਼ ਨੇ 57ਵੇਂ ਮਿੰਟ ਗੋਲ ਦਾਗ਼ੇ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ। ਭਾਰਤ ਨੇ ਇਸ ਪਿਛਲੇ ਮੈਚਾਂ ਵਿੱਚ ਜਾਪਾਨ ਅਤੇ ਮੇਜ਼ਬਾਨ ਮਲੇਸ਼ੀਆ ਨੂੰ ਕ੍ਰਮਵਾਰ 2-0 ਗੋਲਾਂ ਅਤੇ 4-2 ਗੋਲਾਂ ਨਾਲ ਹਰਾਇਆ ਹੈ, ਜਦੋਂਕਿ ਕੋਰੀਆ ਨਾਲ 1-1 ਨਾਲ ਡਰਾਅ ਖੇਡਿਆ ਹੈ। ਗਰੁਪ ਗੇੜ ਵਿੱਚ ਭਾਰਤ ਨੇ ਤਿੰਨ ਮੈਚ ਜਿੱਤੇ ਅਤੇ ਇੱਕ ਡਰਾਅ ਖੇਡ ਕੇ ਦਸ ਅੰਕ ਕਮਾਏ ਹਨ। ਹੁਣ ਇੱਕ ਮੈਚ ਬਾਕੀ ਰਹਿੰਦਿਆਂ ਉਹ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਨੇ ਸ਼ੁਕਰਵਾਰ ਨੂੰ ਪੋਲੈਂਡ ਨਾਲ ਆਖ਼ਰੀ ਲੀਗ ਮੈਚ ਖੇਡਣਾ ਹੈ। ਕੋਰੀਆ ਸੱਤ ਅੰਕ ਲੈ ਕੇ ਦੂਜੇ ਸਥਾਨ ’ਤੇ ਹੈ, ਜਦਕਿ ਮਲੇਸ਼ੀਆ ਅਤੇ ਕੈਨੇਡਾ ਦੇ ਛੇ ਅੰਕ ਹਨ।
HOME ਅਜ਼ਲਾਨ ਸ਼ਾਹ ਕੱਪ: ਭਾਰਤ ਫਾਈਨਲ ’ਚ