ਕਿਰਨ ਖ਼ੇਰ ਵਿਕਾਸ ਕਰਨ ’ਚ ਨਾਕਾਮ ਰਹੀ: ਬਾਂਸਲ

ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਚੰਡੀਗੜ੍ਹ ਦਾ ਵਿਕਾਸ ਕਰਨ ਤੋਂ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਉਹ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕੱਢ ਸਕੀ।
ਸ੍ਰੀ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਥੇ ਮੋਦੀ ਸਰਕਾਰ ਨੂੰ ਗਰੀਬਾਂ ਦੀ ਦੁਸ਼ਮਣ ਦੱਸਿਆ ਉਥੇ ਕਿਰਨ ਖੇਰ ਦੀ ਕਾਰਗੁਜ਼ਾਰੀ ਉਪਰ ਵੀ ਕਈ ਸਵਾਲ ਖੜ੍ਹੇ ਕੀਤੇ। ਸ੍ਰੀ ਬਾਂਸਲ ਨੇ ਦੋਸ਼ ਲਾਇਆ ਕਿ ਕਿਰਨ ਖੇਰ ਇਕ ਅਜਿਹੀ ਸੰਸਦ ਮੈਂਬਰ ਸਿੱਧ ਹੋਈ ਹੈ, ਜੋ ਲੋਕਾਂ ਦੇ ਸਮਝਾਉਣ ’ਤੇ ਵੀ ਨਹੀਂ ਸਮਝੀ। ਸ੍ਰੀ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਵਾਈ ਰਿਹਾਇਸ਼ੀ ਜਾਇਦਾਦ ਦੀ ਲੀਜ਼ ਹੋਲਡ ਤੋਂ ਫਰੀ ਹੋਲਡ ਕਰਨ ਦੀ ਨੀਤੀ ਸਾਲ 1996 ਤੋਂ 2013 ਤੱਕ ਚਲਦੀ ਰਹੀ ਹੈ। ਪਿੱਛਲੇ ਸਮੇਂ ਕਿਰਨ ਖੇਰ ਨੇ ਬੜਾ ਰੌਲਾ ਪਾਇਆ ਕਿ ਉਨ੍ਹਾਂ ਲੀਜ਼ ਹੋਲਡ ਨੂੰ ਫਰੀ ਹੋਲਡ ਕਰਨ ਦੀ ਬੜੀ ਵਧੀਆ ਨੀਤੀ ਬਣਾ ਦਿੱਤੀ ਹੈ ਪਰ ਇਹ ਨੀਤੀ ਏਨੀ ਮਹਿੰਗੀ ਬਣਾ ਦਿੱਤੀ, ਜਿਸ ਦਾ ਲੋਕਾਂ ਨੂੰ ਕੋਈ ਲਾਭ ਹੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਹਿਲਾਂ ਲੀਜ਼ ਹੋਲਡ ਤੋਂ ਫਰੀ ਹੋਲਡ ਕਰਨ ਦੀ ਪ੍ਰਤੀ ਗਜ਼ ਫੀਸ 1710 ਰੁਪਏ ਸੀ ਜੋ ਹੁਣ ਵਧਾ ਕੇ 84 ਤੋਂ 93 ਹਜ਼ਾਰ ਰੁਪਏ ਕਰ ਦਿੱਤੀ ਹੈ। ਸ੍ਰੀ ਬਾਂਸਲ ਨੇ ਦੋਸ਼ ਲਾਇਆ ਕਿ ਮੁਲਾਜ਼ਮਾਂ ਲਈ ਬਣਾਈ ਹਾਊਸਿੰਗ ਸਕੀਮ ਵੀ ਅੱਜ ਤਕ ਸਿਰੇ ਨਹੀਂ ਲੱਗੀ ਅਤੇ ਮੁਲਾਜ਼ਮ ਸਾਲ 2008 ਤੋਂ ਫਲੈਟ ਮਿਲਣ ਦੀ ਆਸ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਚੌਕ ਉਪਰ ਬਣਾਏ ਜਾ ਰਹੇ ਓਵਰਬ੍ਰਿਜ ਦਾ ਉਸ ਵੇਲੇ ਤਕ ਕੋਈ ਲਾਭ ਨਹੀਂ ਹੋਵੇਗਾ, ਜਦੋਂ ਤਕ ਇਸ ਨੂੰ ਜ਼ੀਰਕਪੁਰ ਦੇ ਓਵਰ ਬ੍ਰਿਜ ਤਕ ਨਹੀਂ ਜੋੜਿਆ ਜਾਂਦਾ। ਉਨ੍ਹਾਂ ਕਿਹਾ ਕਿ ਕਿਰਨ ਖੇਰ ਨੇ ਚੋਣ ਜ਼ਾਬਤਾ ਲਗਣ ਤੋਂ ਕੁਝ ਦਿਨ ਪਹਿਲਾਂ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਦੀ ਚਲਾਈ ਲੜੀ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਪੰਜ ਸਾਲ ਕੁਝ ਨਹੀਂ ਕੀਤਾ। ਇਸੇ ਦੌਰਾਨ ਸ੍ਰੀ ਛਾਬੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਜਿਥੇ ਗਰੀਬ ਵਿਰੋਧੀ ਹੈ ਉਥੇ ਅੰਬਾਨੀ ਵਰਗੇ ਅਮੀਰਾਂ ਦੇ ਹੱਕ ਵਿਚ ਹੀ ਭੁਗਤਦੀ ਆ ਰਹੀ ਹੈ।

Previous articleਕੋਵਿੰਦ ਨੇ ਕ੍ਰੋਏਸ਼ਿਆਈ ਰਾਸ਼ਟਰਪਤੀ ਨਾਲ ਵੱਖ ਵੱਖ ਮੁੱਦੇ ਵਿਚਾਰੇ
Next articleਇੰਡੀਆ ਓਪਨ: ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਸ਼ੁਰੂਆਤ