ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਪਹਿਲਾਂ ਕਾਂਗਰਸ ਦੀ ਅੰਦਰਖਾਤੇ ਧੜੇਬਾਜ਼ੀ ਸੀ, ਪਰ ਹੁਣ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ ਨੇ ਖੁੱਲ੍ਹ ਕੇ ਬਿੱਟੂ ਖ਼ਿਲਾਫ਼ ਆਵਾਜ਼ ਬੁਲੰਦ ਕਰ ਦਿੱਤੀ ਹੈ। ਲੰਮੇ ਸਮੇਂ ਤੋਂ ਬਿੱਟੂ ਨਾਲ ਨਾਰਾਜ਼ ਚੱਲ ਰਹੇ ਵਿਧਾਇਕ ਰਾਕੇਸ਼ ਪਾਂਡੇ ਨੇ ਆਪਣੀ ਪਾਰਟੀ ਦੇ ਲੋਕ ਸਭਾ ਮੈਂਬਰ ’ਤੇ ਦੋਸ਼ ਲਗਾਏ ਹਨ ਕਿ ਉਹ ਪੰਜ ਸਾਲਾਂ ਵਿੱਚ ਲੁਧਿਆਣਾ ਦੇ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰੇ। ਉਨ੍ਹਾਂ ਕਿਹਾ ਕਿ 2014 ਵਿੱਚ ਆਨੰਦਪੁਰ ਸਾਹਿਬ ਤੋਂ ਲੁਧਿਆਣਾ ਪੁੱਜਣ ’ਤੇ ਲੁਧਿਆਣਵੀਆਂ ਨੇ ਜੋ ਸੋਚ ਕੇ ਬਿੱਟੂ ਨੂੰ ਲੋਕ ਸਭਾ ਵਿੱਚ ਭੇਜਿਆ ਸੀ, ਉਸ ਵਿੱਚ ਸ਼ਹਿਰ ਵਾਸੀਆਂ ਨੂੰ ਨਿਰਾਸ਼ਾ ਹੀ ਹਾਸਲ ਹੋਈ ਹੈ। ਅੱਜ ਲੁਧਿਆਣਾ ਵਿੱਚ ਗੱਲਬਾਤ ਕਰਦੇ ਹੋਏ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਪਾਰਟੀ ਵਿੱਚ ਕੋਈ ਵੀ ਟਿਕਟ ਦੀ ਦਾਅਵੇਦਾਰੀ ਕਰ ਸਕਦਾ ਹੈ। ਲੁਧਿਆਣਾ ਵਿੱਚੋਂ ਸੀਨੀਅਰ ਹੋਣ ਕਾਰਨ ਉਨ੍ਹਾਂ ਨੇ ਲੋਕ ਸਭਾ ਦੀ ਟਿਕਟ ਮੰਗੀ ਹੈ, ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਇਸ ਬਾਰੇ ਵਿੱਚ ਚਰਚਾ ਕੀਤੀ ਹੈ। ਲੁਧਿਆਣਾ ਲੋਕ ਸਭਾ ਹਲਕੇ ਵਿੱਚ ਸ਼ਹਿਰੀ ਵੋਟ ਜ਼ਿਆਦਾ ਹੈ ਤੇ ਉਹ ਚਾਹੁੰਦੇ ਹਨ ਕਿ ਇਸ ਵਾਰ ਇੱਕ ਹਿੰਦੂ ਚਿਹਰਾ ਪਾਰਟੀ ਅੱਗੇ ਲੈ ਕੇ ਆਵੇ। ਇਸ ਤੋਂ ਪਹਿਲਾਂ ਵਿਧਾਇਕ ਪਾਂਡੇ ਹਮੇਸ਼ਾ ਹੀ ਮੀਡੀਆ ਨਾਲ ਕਾਂਗਰਸ ਦੀ ਧੜੇਬਾਜ਼ੀ ’ਤੇ ਗੱਲ ਕਰਨ ਤੋਂ ਕਤਰਾਉਂਦੇ ਰਹੇ ਹਨ। ਵਿਧਾਇਕ ਪਾਂਡੇ ਨੇ ਕਿਹਾ ਕਿ ਸ਼ਹਿਰ ਦੇ ਬਾਕੀ ਵਿਧਾਇਕ ਵੀ ਬਿੱਟੂ ਤੋਂ ਪਰੇਸ਼ਾਨ ਹਨ, ਪਰ ਉਹ ਕਿਸੇ ਕਾਰਨ ਕੁਝ ਬੋਲ ਨਹੀਂ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ 1989 ਵਿੱਚ ਪਾਰਟੀ ਤੋਂ ਟਿਕਟ ਮੰਗੀ ਸੀ, ਉਦੋਂ ਪਾਰਟੀ ਨੇ ਗੁਰਚਰਨ ਸਿੰਘ ਗਾਲਿਬ ਨੂੰ ਟਿਕਟ ਦੇ ਦਿੱਤੀ ਸੀ। ਇਸ ਵਾਰ ਫਿਰ ਟਿਕਟ ਮੰਗੀ ਹੈ, ਬਾਕੀ ਪਾਰਟੀ ਹਾਈ ਕਮਾਨ, ਜੋ ਫੈਸਲਾ ਕਰੇਗੀ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
INDIA ਵਿਧਾਇਕ ਪਾਂਡੇ ਨੇ ਰਵਨੀਤ ਬਿੱਟੂ ਖ਼ਿਲਾਫ਼ ਚੁੱਕਿਆ ਝੰਡਾ