ਪੰਜਾਬ ਕਿਸਾਨ ਯੂਨੀਅਨ ਵੱਲੋਂ 22 ਜਨਵਰੀ ਤੋਂ ਜ਼ਿਲ੍ਹਾ ਕਚਹਿਰੀ ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਮੋਰਚਾ ਦੋ ਮਹੀਨੇ ਬਾਅਦ ਸਮਾਪਤ ਕਰ ਦਿੱਤਾ ਗਿਆ| ਇਹ ਮੋਰਚਾ ਚੋਣ ਜ਼ਾਬਤੇ ਕਾਰਨ ਤੇ ਮੰਗਾਂ ਲੋਕ ਕਚਹਿਰੀ ਵਿਚ ਲਿਜਾਣ ਦੇ ਐਲਾਨ ਨਾਲ ਸਮਾਪਤ ਕੀਤਾ ਗਿਆ। ਮੋਰਚੇ ਵਿਚ ਡਟੇ ਆਗੂਆਂ ਦਾ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਆਗੂਆਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ ਅਤੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ| ਮੋਰਚਾ ਸਮਾਪਤ ਕਰਨ ਤੋਂ ਪਹਿਲਾਂ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਹ ਮੋਰਚਾ ਕਿਸਾਨਾਂ ਦੇ ਕਰਜ਼ਾ ਮੁਆਫ਼ੀ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਚਾਲੂ ਸਕੀਮਾਂ ਵਿਚ ਪਹਿਲ ਦੇ ਆਧਾਰ ‘ਤੇ ਸ਼ਾਮਲ ਕਰਵਾਉਣ, ਆਵਾਰਾ ਪਸ਼ੂਆਂ ਦੇ ਹੱਲ, ਦੇਸ਼ ਅੰਦਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਸਮੇਤ ਹੋਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਲਗਾਇਆ ਗਿਆ ਸੀ, ਪਰ ਮੋਰਚੇ ਦੀਆਂ ਮੰਗਾਂ ਵੱਲ ਨਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਧਿਆਨ ਦਿੱਤਾ। ਇਸ ਲਈ ਹੁਣ ਜਥੇਬੰਦੀ ਵੱਲੋਂ ਮੋਰਚੇ ਦੀਆਂ ਮੰਗਾਂ ਨੂੰ ਪਿੰਡਾਂ ਦੀਆਂ ਸੱਥਾਂ ਵਿਚ ਲਿਜਾਇਆ ਜਾਵੇਗਾ। ਮੋਰਚੇ ਦੀਆਂ ਮੰਗਾਂ ਨਾ ਮੰਨਣ ਵਾਲੇ ਅਤੇ ਲੋਕਾਂ ਨਾਲ ਵਾਅਦੇ ਕਰ ਕੇ ਮੁਕਰਨ ਵਾਲੇ ਆਗੂਆਂ ਦੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੀ ਮੁਹਿੰਮ ਚਲਾਈ ਜਾਵੇਗੀ| ਉਨ੍ਹਾਂ ਇਸ ਮੌਕੇ ਹਲਕਾ ਬਠਿੰਡਾ ਤੋਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ ਦੀ ਹਮਾਇਤ ਕਰਨ ਦਾ ਐਲਾਨ ਕੀਤਾ| ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਵਿਚ ਕੋਈ ਫਰਕ ਨਹੀਂ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਰਾਜਵਿੰਦਰ ਰਾਣਾ, ਕਾਮਰੇਡ ਭਗਵੰਤ ਸਿੰਘ ਸਮਾਓ, ਕਲਨੈਲ ਸਿੰਘ ਮਾਨਸਾ, ਕਿਰਪਾਲ ਸਿੰਘ ਬੀਰ, ਹਾਕਮ ਸਿੰਘ ਝੁਨੀਰ, ਗੁਰਚਰਨ ਸਿੰਘ ਕੋਟਧਰਮੂੰ, ਹਰਜਿੰਦਰ ਸਿੰਘ ਮਾਨਸ਼ਾਹੀਆ, ਪਰਮਜੀਤ ਸਿੰਘ ਭਰੀ, ਮਨਜੀਤ ਸਿੰਘ ਧਿੰਗੜ, ਕੁਲਵੰਤ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਔਲਖ, ਬਾਬਾ ਬੋਹੜ ਸਿੰਘ ਅਤੇ ਬਲਵੀਰ ਸਿੰਘ ਮਾਨ, ਭੋਲਾ ਸਿੰਘ ਸਮਾਓ, ਸੁਰਜੀਤ ਸਿੰਘ ਕੋਟਧਰਮੂੰ ਆਦਿ ਨੇ ਸੰਬੋਧਨ ਕੀਤਾ|
INDIA ਖੁਦਕੁਸ਼ੀ ਪੀੜਤਾਂ ਦੇ ਹੱਕ ਵਿੱਚ ਲਾਇਆ ਧਰਨਾ ਸਮਾਪਤ