ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਅਰਥਸ਼ਾਸਤਰ ਤੋਂ ਕੋਰੇ ਹਨ ਕਿਉਂਕਿ ਉਹ ਭਾਰਤ ਨੂੰ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਦਸਦੇ ਹਨ ਜਦਕਿ ਅੰਕੜਿਆਂ ਮੁਤਾਬਕ ਮੁਲਕ ਤੀਜੇ ਨੰਬਰ ’ਤੇ ਹੈ। ਸ੍ਰੀ ਸਵਾਮੀ ਨੇ ਪ੍ਰਧਾਨ ਮੰਤਰੀ ਨੂੰ ਪੁੱਠੇ ਹੱਥੀਂ ਲੈਂਦਿਆਂ ਕਿਹਾ,‘‘ਮੈਨੂੰ ਸਮਝ ਨਹੀਂ ਆਉਂਦੀ ਕਿ ਸ੍ਰੀ ਮੋਦੀ ਇਹ ਕਿਉਂ ਆਖਦੇ ਹਨ ਕਿ ਭਾਰਤ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ ਜਦਕਿ ਜੀਡੀਪੀ ਸੰਬਧੀ ਗਿਣਤੀਆਂ ਮਿਣਤੀਆਂ ਦੀ ਵਿਗਿਆਨਕ ਤੌਰ ’ਤੇ ਸਵੀਕਾਰਯੋਗ ਪ੍ਰਕਿਰਿਆ ਮੁਤਾਬਕ ਭਾਰਤੀ ਅਰਥਚਾਰਾ ਅਮਰੀਕਾ ਅਤੇ ਚੀਨ ਮਗਰੋਂ ਤੀਜੇ ਨੰਬਰ ’ਤੇ ਹੈ।’’ ਆਪਣੀਆਂ ਵਿਵਾਦਤ ਟਿੱਪਣੀਆਂ ਨਾਲ ਅਕਸਰ ਸੁਰਖੀਆਂ ’ਚ ਰਹਿਣ ਵਾਲੇ ਸ੍ਰੀ ਸਵਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਅਰਥਸ਼ਾਸਤਰ ਨਹੀਂ ਜਾਣਦੇ ਜਿਸ ਕਾਰਨ ਉਹ ਗਲਤ ਬਿਆਨੀ ਕਰਦੇ ਹਨ। ਸ੍ਰੀ ਸਵਾਮੀ ਨੇ ਹਾਵਰਡ ਤੋਂ ਅਰਥਸ਼ਾਸਤਰ ’ਚ ਪੀਐਚਡੀ ਕੀਤੀ ਹੈ ਅਤੇ ਉਹ ਉਥੇ ਪੜ੍ਹਾਉਂਦੇ ਰਹੇ ਹਨ। ਉਹ ਅਕਸਰ ਸ੍ਰੀ ਜੇਤਲੀ ਦੀ ਆਲੋਚਨਾ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਐਕਸਚੇਂਜ ਰੇਟ ਲਗਾਤਾਰ ਬਦਲਦਾ ਰਹਿੰਦਾ ਹੈ ਅਤੇ ਭਾਰਤੀ ਰੁਪਏ ਦੀ ਕੀਮਤ ਘਟਣ ਨਾਲ ਅਜਿਹੀਆਂ ਗਿਣਤੀਆਂ ਮਿਣਤੀਆਂ ਕਰਕੇ ਮੌਜੂਦਾ ਸਮੇਂ ’ਚ ਭਾਰਤੀ ਅਰਥਚਾਰਾ ਸੱਤਵੇਂ ਨੰਬਰ ’ਤੇ ਆਉਂਦਾ ਹੈ। ਸ੍ਰੀ ਸਵਾਮੀ ਮੁਤਾਬਕ ਅਰਥਚਾਰੇ ਦੇ ਆਕਾਰ ਦਾ ਪਤਾ ਲਾਉਣ ਦਾ ਸਹੀ ਢੰਗ ਉਸ ਦੀ ਖ਼ਰੀਦ ਸ਼ਕਤੀ ਹੈ ਅਤੇ ਇਸ ਆਧਾਰ ’ਤੇ ਭਾਰਤ ਤੀਜੇ ਨੰਬਰ ’ਤੇ ਹੈ। ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਸਤੀਵਾਦੀ ਤਾਕਤਾਂ ਦੇ ਆਉਣ ਤੋਂ ਪਹਿਲਾਂ ਭਾਰਤ ਅਤੇ ਚੀਨ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਮੁਲਕਾਂ ’ਚ ਮੋਹਰੀ ਸਨ।
INDIA ਮੋਦੀ ਅਤੇ ਜੇਤਲੀ ਅਰਥਸ਼ਾਸਤਰ ਤੋਂ ਕੋਰੇ: ਸਵਾਮੀ