ਡਰੱਗ ਮਨੀ ਤੇ ਅਸਲੇ ਸਣੇ ਦੋ ਕਾਬੂ

ਕਮਿਸ਼ਨਰੇਟ ਪੁਲੀਸ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ ਅਸਲੇ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ, 270 ਗ੍ਰਾਮ ਨਸ਼ੀਲਾ ਪਾਊਡਰ, ਇੱਕ ਕਾਰ ਅਤੇ 1 ਲੱਖ 5 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਸਕਰਾਂ ਦੀ ਪਛਾਣ ਸੰਨੀ ਵਹਿਮੀ ਵਾਸੀ ਕਿਸ਼ਨਪੁਰਾ ਜਲੰਧਰ ਅਤੇ ਰਾਹੁਲ ਵਾਸੀ ਅਸ਼ੋਕ ਵਿਹਾਰ ਜਲੰਧਰ ਵਜੋਂ ਹੋਈ। ਦੋਵਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੋਫੀ ਪਿੰਡ ਦੇ ਹਾਥੀ ਗੇਟ ਨੇੜਿਓਂ ਨਸ਼ਾ ਤਸਕਰ ਸੰਨੀ ਵਹਿਮੀ ਦੋ ਪਿਸਤੌਲਾਂ ਤੇ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ ਗਿਆ ਹੈ ਤੇ ਇਹ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦਾ ਪਿੰਡ ਹੈ। ਪੁਲੀਸ ਕਮਿਸ਼ਨਰ ਸ੍ਰੀ ਭੁੱਲਰ ਨੇ ਦੱਸਿਆ ਕਿ ਸੰਨੀ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਅਸਲੇ ਦੇ ਤਿੰਨ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਸੰਨੀ ਨੇ ਇਹ ਪਿਸਤੌਲ ਉੱਤਰ ਪ੍ਰਦੇਸ਼ ਦੇ ਇਟਾਵਾ ਇਲਾਕੇ ਵਿੱਚੋਂ ਲਿਆਂਦੇ ਸਨ। ਉਹ ਨਸ਼ਿਆਂ ਦੀ ਖੇਪ ਇੱਧਰੋਂ-ਉਧਰ ਲਿਜਾਣ ਸਮੇਂ ਆਪਣੇ ਨਾਲ ਨਾਜਾਇਜ਼ ਅਸਲਾ ਵੀ ਰੱਖਦਾ ਸੀ। ਉਸ ਦੇ ਸਾਥੀ ਰਾਹੁਲ ਨੇ ਵੀ 25 ਹਜ਼ਾਰ ਵਿੱਚ ਯੂਪੀ ਤੋਂ ਪਿਸਤੌਲ ਖ਼ਰੀਦਿਆ ਸੀ। ਪੁਲੀਸ ਨੇ ਰਾਹੁਲ ਨੂੰ ਵੇਰਕਾ ਮਿਲਕ ਪਲਾਂਟ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਰਾਹੁਲ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਮਾਤਾ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਹੈ, ਉਸ ਵਿਰੁੱਧ ਵੀ ਕਈ ਥਾਣਿਆਂ ਵਿੱਚ ਕੇਸ ਦਰਜ ਹਨ। ਪੁਲੀਸ ਇਹ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਨਸ਼ਾ ਤਸਕਰਾਂ ਦੇ ਪਿੱਛੇ ਮੁੱਖ ਤਸਕਰ ਕੌਣ ਹੈ।

Previous articleਖੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਹੰਗਾਮਾ
Next articleਮੋਦੀ ਅਤੇ ਜੇਤਲੀ ਅਰਥਸ਼ਾਸਤਰ ਤੋਂ ਕੋਰੇ: ਸਵਾਮੀ