ਨੌਜਵਾਨ ਖੁਦਕੁਸ਼ੀ ਮਾਮਲੇ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਦੀ ਗਿ੍ਫਤਾਰੀ ਨਾ ਹੋਣ ਦੇ ਰੋਸ ਵਜੋਂ ਪੀੜਤ ਪਰਿਵਾਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਐਸਐਸਪੀ ਦਫਤਰ ਅੱਗੇ ਹੰਗਾਮਾ ਕੀਤਾ। ਪੀੜਤ ਪਰਿਵਾਰ ਨੇ ਐਸਐਸਪੀ ਸਮੇਤ ਪੁਲੀਸ ਦੇ ਉੱਚ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੋਕਾਂ ਦੀ ਪੁਲੀਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਪੁਲੀਸ ਵਿਰੋਧੀ ਪ੍ਰਦਰਸ਼ਨ ਵਿਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਿਲ ਸਨ| ਪਿੰਡ ਧਿੰਗੜ ਵਾਸੀ ਤੇਜਾ ਸਿੰਘ ਸੋਢੀ ਅਤੇ ਹਰਪਾਲ ਕੌਰ ਸੋਢੀ ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਗਿੱਪੀ ਸੋਢੀ ਨੇ 8 ਮਾਰਚ ਦੀ ਰਾਤ ਨੂੰ ਖੁਦਕੁਸ਼ੀ ਕਰ ਲਈ ਸੀ। ਥਾਣਾ ਸਦਰ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਸੀ ਪਰ ਹਾਲੇ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਗਿੱਪੀ ਦਾ ਵਿਆਹ ਸੰਜੂ ਸ਼ਰਮਾ ਵਾਸੀ ਬਠਿੰਡਾ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਹਨ। ਸੰਜੂ ਸ਼ਰਮਾ ਦੇ ਇੱਕ ਪੁਲੀਸ ਮੁਲਾਜ਼ਮ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ ਦੇ ਚੱਲਦਿਆਂ ਗਿੱਪੀ ਨੇ ਆਪਣੀ ਪਤਨੀ ਨੂੰ ਸਬੰਧਤ ਪੁਲੀਸ ਵਾਲੇ ਨੂੰ ਆਪਣੇ ਘਰ ਆਉਣ ਤੋਂ ਰੋਕਣ ਬਾਰੇ ਕਿਹਾ ਪਰ ਉਹ ਨਾ ਮੰਨੀ। ਇਸ ਕਾਰਲ ਪਰਿਵਾਰ ਵਿੱਚ ਕਲੇਸ਼ ਰਹਿਣ ਲਗ ਪਿਆ। ਉਨ੍ਹਾਂ ਕਿਹਾ ਕਿ ਸੰਜੂ ਆਪਣੇ ਪਤੀ ਨੂੰ ਪੁਲੀਸ ਦੀ ਧੌਂਸ ਦਿਖਾ ਕੇ ਜ਼ਲੀਲ ਕਰਨ ਲੱਗੀ| ਇਸ ਤੋਂ ਦੁਖੀ ਹੋ ਕੇ ਗੁਰਪ੍ਰੀਤ ਨੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਦੀ ਸੁਸਤੀ ਨੇ ਪਰਿਵਾਰ ਦੀ ਨੀਂਦ ਹਾਰਾਮ ਕਰ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਪੰਜ ਜਣਿਆਂ ਸੰਜੂ ਸ਼ਰਮਾ, ਪਵਨ ਕੁਮਾਰ ਸ਼ਰਮਾ, ਪੁਲੀਸ ਮੁਲਾਜ਼ਮ ਸੁਖਮੰਦਰ ਸਿੰਘ, ਰੁਲਦੂ ਰਾਮ ਅਤੇ ਜਗਸੀਰ ਸਿੰਘ ਚੋਟੀਆਂ ਖਿਲਾਫ ਕੇਸ ਦਰਜ ਕੀਤਾ ਸੀ ਪਰ 15 ਦਿਨ ਬੀਤਣ ਦੇ ਬਾਵਜੂਦ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਗੁਰਪ੍ਰੀਤ ਸਿੰਘ ਦੀ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਪੁਲੀਸ ਇਕ ਉੱਚ ਪੁਲੀਸ ਅਧਿਕਾਰੀ ਦੇ ਦਬਾਅ ਹੇਠ ਕੰਮ ਕਰ ਰਹੀ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਦੀ ਜਾਂਚ ਲਗਾ ਕੇ ਇਸ ਨੂੰ ਰਫ਼ਾ-ਦਫ਼ਾ ਕਰਨਾ ਚਾਹੁੰਦੀ ਹੈ। ਪੁਲੀਸ ਉਨ੍ਹਾਂ ’ਤੇ ਸਮਝੌਤੇ ਲਈ ਦਬਾਅ ਪਾ ਰਹੀ ਹੈ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਪੀੜਤ ਪਰਿਵਾਰ ਨੂੰ ਜਲਦੀ ਹੀ ਪੁਲੀਸ ਵੱਲੋਂ ਇਨਸਾਫ ਦਿੱਤਾ ਜਾਵੇਗਾ| ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਛੇਤੀ ਜਾਂਚ ਮੁਕੰਮਲ ਹੋਣ ਦਾ ਭਰੋਸਾ ਦਿੱਤਾ।
INDIA ਖੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਹੰਗਾਮਾ