ਆਕਲੈਂਡ, 22 ਮਾਰਚ 2019 – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਟਵਿੱਟਰ ‘ਤੇ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਇਹ ਧਮਕੀ ਜੈਸਿੰਡਾ ਆਰਡਨ ਅਤੇ ਨਿਊਜ਼ੀਲੈਂਡ ਪੁਲਿਸ ਦੇ ਆਕਊੰਟ ‘ਤੇ ਟੈਗ ਕੀਤੀ ਗਈ ਹੈ ਜਿਸ ‘ਚ ਭੇਜਣ ਵਾਲੇ ਨੇ ‘ਨੈਕਸਟ ਇਟਜ਼ ਯੂ’ ਲਿਖਿਆ ਹੈ। ਦੋ ਦਿਨ ਪਹਿਲਾਂ ਆਰਡਨ ਨੂੰ ਬੰਦੂਕ ਦੀ ਤਸਵੀਰ ਭੇਜੀ ਜਾ ਚੁੱਕੀ ਹੈ ਜਿਸ ‘ਤੇ, ‘ਨੈਕਸਟ ਯੂ” ਲਿਖਿਆ ਹੋਇਆ ਸੀ।
ਸ਼ੁੱਕਰਵਾਰ ਨੂੰ ਤਕਰੀਬਨ ੪ ਵਜੇ ਤੱਕ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ। ਸਥਾਨਕ ਪੁਲਿਸ ਟਵਿੱਟਰ ਅਕਾਉਂਟ ‘ਤੇ ਧਮਕੀ ਦੇਣ ਵਾਲੇ ਦੀ ਜਾਂਚ ਕਰ ਰਹੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਬੀਤੀ ਸ਼ੁੱਕਰਵਾਰ 15 ਮਾਰਚ ਨੂੰ ਦੋ ਮਸਜਿਦਾਂ ‘ਤੇ ਹੋਏ ਹਮਲੇ ਤੋਂ ਬਾਅਦ ਜੈਸਿੰਡਾ ਆਰਡਨ ਅਤੇ ਸਮੂਹ ਨਿਊਜ਼ੀਲੈਂਡ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਅੰਦਰ ਭਾਈਚਾਰਕ ਸਾਂਝ ਬਣੀ ਰਹੇ।