(ਸਮਾਜ ਵੀਕਲੀ)
ਧਰਤੀ ਉਪਰ ਇਸ ਵਾਤਾਵਰਨ ਵਿਚ ਸੂਰਜ ਦੀ ਗਰਮੀ,ਹਵਾ ,ਪਾਣੀ, ਮਿੱਟੀ , ਚੰਦਰਮਾ ਅਤੇ ਹੋਰ ਅਨੇਕਾਂ ਕਿਸਮਾਂ ਦੀਆਂ ਊਰਜਾ ਅਤੇ ਸੋਮਿਆ ਦਾ ਮਿਸ਼ਰਣ ਹੈ। ਇਹਨਾਂ ਸਾਰੀਆਂ ਕੁਦਰਤੀ ਸੋਮਿਆਂ ਦਾ ਕਿਤੇ ਨਾ ਕਿਤੇ ਇਕ ਦੂਜੇ ਨਾਲ ਤਾਲ ਮੇਲ ਹੁੰਦਾ ਹੈ। ਸਾਨੂੰ ਜੀਵਨ ਜਿਊਣ ਲਈ ਸੂਰਜ ਦੀ ਗਰਮੀ ਦੀ ਵੀ ਲੋੜ ਹੈ ਗਰਮ ਅਤੇ ਠੰਡੀ ਹਵਾ ਦੀ ਵੀ ਲੋੜ ਹੈ ਧਰਤੀ ਉਤੇ ਜੀਵਨ ਬਤੀਤ ਕਰਨ ਲਈ ਮਿੱਟੀ ਅਤੇ ਪਾਣੀ ਦੀ ਮੁੱਢਲੀ ਲੋੜ ਹੈ। ਉਪਰੋਕਤ ਕੁਦਰਤੀ ਸੋਮਿਆਂ ਤੋਂ ਬਿਨਾਂ ਇਨਸਾਨ ਦਾ ਧਰਤੀ ਦੇ ਉਤੇ ਜੀਵਨ ਬਤੀਤ ਕਰਨਾ ਬਹੁਤ ਹੀ ਔਖਾ ਹੋ ਜਾਵੇਗਾ। ਉਪਰੋਕਤ ਕੁਦਰਤੀ ਸੋਮਿਆਂ ਤੋਂ ਬਿਨਾਂ ਜੀਵਨ ਬਤੀਤ ਕਰਨਾ , ਜੀਵਾਂ ਅਤੇ ਬਨਸਪਤੀ ਦਾ ਪੈਦਾ ਹੋਣਾ ਅਤੇ ਇਸ ਦਾ ਵਧਣਾ ਅਤੇ ਫੁੱਲਣਾ ਅਸੰਭਵ ਹੋ ਜਾਵੇਗਾ। ਸਮਾਜ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਜ਼ਿੰਮੇਵਾਰ ਅੱਜ ਕੱਲ ਦੇ ਤਕਨੀਕੀ ਵਿਕਾਸ ਹਨ। ਮਨੁੱਖ ਦੀਆਂ ਆਪਣੀਆਂ ਫਾਇਦੇਮੰਦ ਲੋੜਾਂ ਕਾਰਨ ਧਰਤੀ ਦਾ ਉੱਪਰਲਾ ਅਤੇ ਹੇਠਲਾ ਪਾਣੀ ਪਲੀਤ ਹੋ ਰਿਹਾ ਹੈ ਅਰਥਾਤ ਪਾਣੀ ਗੰਦਲਾ ਵੀ ਹੋ ਰਿਹਾ ਹੈ ਅਤੇ ਜਮੀਨੀ ਪੱਧਰ ਤੇ ਪਾਣੀ ਦਾ ਲੈਵਲ ਹੇਠਾਂ ਵੀ ਡਿੱਗ ਰਿਹਾ ਹੈ।
ਪੁਰਾਣੇ ਸਮੇਂ ਵਿੱਚ ਕਿਸਾਨ ਆਪਣੇ ਖੇਤਾਂ ਵਿੱਚ ਆਪਣਾ ਸਾਦਾ ਜੀਵਨ ਜਿਉਣ ਦੇ ਲਈ ਆਪਣੀ ਜ਼ਮੀਨ ਵਿਚ ਕਣਕ ,ਛੋਲੇ, ਦਾਲਾਂ, ਮੱਕੀ ,ਬਾਜਰਾ, ਹਲਦੀ ,ਮਿਰਚਾਂ, ਲਸਣ, ਪਿਆਜ ਆਦਿ ਦੀ ਖੇਤੀ ਕਰਦੇ ਸਨ ਅਤੇ ਓਸ ਵੇਲੇ ਪੰਜਾਬ ਅਤੇ ਹਰਿਆਣੇ ਵਿਚ ਪਾਣੀ ਦਾ ਪੱਧਰ ਬਿਲਕੁਲ ਉਪਰ ਸੀ। ਪ੍ਰੰਤੂ ਜਦੋਂ ਦਾ ਕਿਸਾਨ ਜਾਗਰੂਕ ਹੋ ਗਿਆ ਹੈ ਉਸ ਨੇ ਉਪਰੋਕਤ ਫਸਲਾਂ ਦੀ ਖੇਤੀ ਨਾਮਾਤਰ ਕਰ ਕੇ ਜੀਰੀ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਜੀਰੀ ਇੱਕ ਲਾਹੇਵੰਦ ਫਸਲ ਹੈ ਪਰ ਜਦੋਂ ਫਸਲ ਦੀ ਰਹਿੰਦ ਖੁੰਹਦ ਨੂੰ ਕਿਸਾਨ ਵਲੋਂ ਅੱਗ ਲਗਾਈ ਜਾਂਦੀ ਹੈ ਤਾਂ ਇਸਦਾ ਇਸ ਦਾ ਧੂੰਆਂ ਮਨੁੱਖੀ, ਜੀਵਾਂ ਅਤੇ ਬਨਸਪਤੀ ਜੀਵਨ ਲਈ ਬਹੁਤ ਹੀ ਖਤਰਨਾਕ ਹੁੰਦਾ ਹੈ।
ਕਾਰਖਾਨਿਆਂ, ਫੈਕਟਰੀਆਂ , ਵੱਡੇ ਉਦਯੋਗ ਵੀ ਧਰਤੀ ਦੇ ਪਾਣੀ ਨੂੰ ਗੰਧਲਾ ਦੂਸ਼ਿਤ ਕਰ ਰਹੇ ਹਨ। ਕੁਝ ਉਦਯੋਗ ਅਤੇ ਫੈਕਟਰੀਆਂ ਵਾਲੇ ਧਰਤੀ ਵਿਚ ਅੰਡਰ ਗਰਾਊਂਡ ਵਿਧੀ ਰਾਹੀ ਪਾਣੀ ਪਤਾਲ ਵਿੱਚ ਭੇਜ ਕੇ ਪਾਣੀ ਨੂੰ ਗੰਧਲਾ ਅਤੇ ਜਹਿਰੀਲਾ ਕਰ ਰਹੇ ਹਨ। ਜਿਸ ਕਾਰਨ ਇਹ ਗੰਧਲਾ ਅਤੇ ਜ਼ਹਿਰੀਲਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਫਿਰ ਇਹ ਪਾਣੀ ਮਨੁੱਖ ਦੇ ਸਰੀਰ ਦੇ ਵਿਚ ਜਾ ਕੇ ਕੈਂਸਰ ਵਰਗੇ ਰੋਗ ਲਗਾ ਦਿੰਦਾ ਹੈ। ਇਸੇ ਤਰ੍ਹਾਂ ਸਨਅਤੀ ਇਕਾਈਆਂ, ਭੱਠਿਆਂ ਦਾ ਧੂੰਆਂ, ਫੈਕਟਰੀਆਂ ਦਾ ਧੂੰਆਂ, ਬਿਜਲੀ ਬਣਾਉਣ ਲਈ ਲੱਗੇ ਥਰਮਲ ਪਲਾਂਟਾਂ ਦਾ ਧੂੰਏ ਨੇ ਸਲਫ਼ਰ ਡਾਈਆਕਸਾਈਡ,ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਹਾਈਡ੍ਰੋਜਨ ਸਲਫਾਈਡ ਨੇ ਆਪਣੇ ਸੁੱਧ ਵਾਤਾਵਰਨ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਖੇਤਾਂ ਵਿਚ ਛਿੜਕਾਅ ਕਰਕੇ ਧਰਤੀ ਹੇਠਾ ਪਾਣੀ ਵਿੱਚ ਜਾ ਕੇ ਮਿਲਾਇਆ ਜਾ ਰਿਹਾ ਹੈ।
ਜਿਸ ਕਾਰਨ ਆਪਣਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਪਰਮਾਣੂ ਵਿਸਫੋਟਾਂ ਦੇ ਤਜਰਬਿਆਂ, ਦੀਵਾਲੀ ਵਰਗੇ ਤਿਉਹਾਰਾਂ ਤੇ ਪਟਾਕਿਆਂ ਦਾ ਚਲਣਾ ਵੀ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਰਿਹਾ ਹੈ। ਉਪਰੋਕਤ ਕਾਰਨਾਂ ਕਰਕੇ ਪੰਜਾਬ ਵਿੱਚ ਅਕਤੂਬਰ ਤੋਂ ਲੇ ਕੇ ਨਵੰਬਰ ਤੱਕ ਪੰਜਾਬ ਵਿਚ ਪਰਦੂਸ਼ਣ ਵਾਲੀ ਧੁੰਦਲੀ ਪਰਤ ਸ਼ਰੇਆਮ ਦਿਖਾਈ ਦਿੰਦੀ ਹੈ । ਜਿਸ ਕਾਰਨ ਸਰੀਰ ਨੂੰ ਅੱਖਾਂ ਦੇ ਰੋਗ ਚਮੜੀ ਦੇ ਰੋਗ ਅਤੇ ਹੋਰ ਅੰਦਰੂਨੀ ਰੋਗ ਲੱਗ ਰਹੇ ਹਨ। ਹੁਣ ਪੰਜਾਬ ਵਿੱਚ ਏਅਰ ਕੁਆਲਟੀ ਇੰਡੈਕਸ (AQI) ਵੱਖ ਵੱਖ ਸ਼ਹਿਰਾਂ ਦਾ 150 ਤੋਂ 300 ਤੱਕ ਪਹੁੰਚ ਗਿਆ ਹੈ ਜਿਹੜਾ ਕੀ ਪਰਦੂਸਣ ਚਾਰਟ ਦੇ ਵਿੱਚ ਏਅਰ ਕੁਆਲਟੀ ਇੰਡੈਕਸ ਦੇ ਵਿਚ ਖਤਰੇ ਦੀ ਘੰਟੀ ਦੇ ਨਿਸ਼ਾਨ ਤੇ ਹੈ।ਆਪਣੇ ਪੰਜਾਬ ਨਾਲੋਂ ਚੰਗਾ ਚੰਡੀਗੜ੍ਹ ਸ਼ਹਿਰ ਜਿੱਥੇ ਪ੍ਰਸਾਸ਼ਨ ਵਲੋ ਪਰਦੂਸ਼ਣ ਕੰਟਰੋਲ ਕੀਤਾ ਹੋਇਆ ਹੈ। ਫੈਕਟਰੀਆਂ ਤੋਂ ਨਿਕਲਣ ਵਾਲਾ ਗੰਦਾ ਅਤੇ ਜ਼ਹਿਰੀਲਾ ਪਾਣੀ ਨਦੀਆਂ ਰਾਹੀਂ ਸਮੁੰਦਰਾਂ ਦੇ ਵਿੱਚ ਜਾ ਰਿਹਾ ਹੈ ਜਿੱਥੇ ਜਾ ਕੇ ਪਾਣੀ ਵਾਲੇ ਜੀਵ ਜੰਤੂ ਵੀ ਸ਼ਿਕਾਰ ਹੋ ਰਹੇ ਹਨ।
ਇਸੇ ਤਰ੍ਹਾਂ ਧੁਨੀ ਪ੍ਰਦੂਸ਼ਣ ਵੀ ਸਾਡੇ ਜੀਵਨ ਨੂੰ ਪਲੀਤ ਕਰਨ ਵਿੱਚ ਪਿੱਛੇ ਨਹੀਂ ਰਿਹਾ ਹੈ। ਗੱਡੀਆਂ ਦੇ ਦੇ ਵੱਜਦੇ ਵੱਡੇ ਪੋਪ ਹਾਰਨ, ਬੁਲੇਟ ਮੋਟਰਸਾਈਕਲਾਂ ਦੇ ਪਟਾਕੇ, ਬੱਸਾਂ-ਟਰੱਕਾਂ ਵਿੱਚ ਵੱਜਦੇ ਉਚੀ-ਉਚੀ ਲੱਚਰ ਗੀਤ , ਇਥੋਂ ਤੱਕ ਕਿ ਅੱਜ ਕੱਲ ਟਰੈਕਟਰਾਂ ਤੇ ਲੱਗੇ ਵੱਡੇ-ਵੱਡੇ ਸਪੀਕਰ ਵੀ ਸਾਡੇ ਵਾਤਾਵਰਣ ਨੂੰ ਪਲੀਤ ਕਰ ਰਹੇ ਹਨ, ਇਹਨਾਂ ਵਿਚ ਗੀਤਾਂ ਦੇ ਬੋਲ ਤਾਂ ਘੱਟ ਸੁਣਦੇ ਹਨ ਪ੍ਰੰਤੂ ਡਮ ਡਮ ਦੀ ਅਵਾਜ ਸਾਡੇ ਕੰਨਾਂ ਵਿੱਚ ਬੰਬਾਂ ਦੇ ਵਾਂਗ ਪੈਂਦੀ ਹੈ ਜਿਸ ਕਾਰਨ ਕੰਨਾ ਦਾ ਕੈਂਸਰ ਅਤੇ ਹਾਰਟ ਅਟੈਕ ਅਤੇ ਮਾਨਸਿਕ ਤਣਾਅ ਵਰਗੀਆਂ ਬਿਮਾਰੀਆਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇਹ ਸਭ ਕੁਝ ਪ੍ਰਸ਼ਾਸਨ ਦੀ ਨੱਕ ਹੇਠ ਹੋ ਰਿਹਾ ਹੈ ਪਰੰਤੂ ਪ੍ਰਸ਼ਾਸਨ ਫਿਰ ਵੀ ਅੱਖ ਬੰਦ ਕਰ ਅਤੇ ਕੰਨ ਬੰਦ ਕਰ ਸਮਾਂ ਲੰਘਾ ਰਿਹਾ ਹੈ।
ਸਮੁੰਦਰਾਂ ਦੇ ਪਾਣੀ ਦੇ ਜਿਹੜਾ ਹੁਣ ਤੇ ਇਸ ਵਿਚ ਕਚਰਾ ਜਮਾਂ ਹੋਣ ਕਾਰਨ ਸਮੁੰਦਰੀ ਜੀਵ ਮਰ ਰਹੇ ਹਨ ਨਾਲ ਹੀ ਸਮੁੰਦਰਾਂ ਵਿਚਕਾਰ ਗਾਰ ਵਧਣ ਕਾਰਨ ਸਮੁੰਦਰਾਂ ਦੀ ਡੂੰਘਾਈ ਘੱਟ ਹੋ ਰਹੀ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਜੰਗਲ ਕੱਟੇ ਜਾ ਰਹੇ ਹਨ ਅਤੇ ਸੜਕਾਂ ਦੁਆਲੇ ਤੋਂ ਕਟਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਜੰਗਲੀ ਜੀਵਾ ਅਤੇ ਗਿਰਝਾਂ ਪੰਛੀਆਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਵਧ ਰਿਹਾ ਹੈ ਰੇਡੀਓ ਪਰਦੂਸ਼ਣ ਜੋ ਕਿ ਪਰਮਾਣੂ ਹਥਿਆਰਾਂ ਦੇ ਨਿਊਕਲੀਅਰ ਪਾਵਰ ਪਲਾਂਟਾਂ ਤੋਂ ਪੈਦਾ ਹੋ ਰਿਹਾ ਹੈ ਅਤੇ ਇਲੈਕਟ੍ਰੋਨਿਕ ਉਪਕਰਨਾ ਵਿੱਚੋ ਨਿਕਲਦੀਆਂ ਰੇਡੀਏਸ਼ਨ ਮਨੁੱਖੀ ਸਿਹਤ ਲਈ ਖਤਰਨਾਕ ਸਾਬਤ ਹੋ ਰਹੇ ਹਨ। ਪਹਿਲਾਂ ਦੇਸ਼ ਵਿਚ ਆਮ ਸਧਾਰਨ ਨੈੱਟਵਰਕ ਹੋਇਆ ਕਰਦੇ ਸਨ। ਪਰ ਹੁਣ 4G, ਅਤੇ 5G ਨੈੱਟਵਰਕ ਤਕਨੌਲੌਜੀ ਹੋਂਦ ਵਿੱਚ ਆ ਗਈ ਹੈ ਜਿਸ ਕਾਰਨ ਜਿਸ ਕਾਰਨ ਆਕਾਸ਼ ਵਿਚ ਉੱਡਦੇ ਪੰਛੀ ਅਲੋਪ ਹੁੰਦੇ ਜਾ ਰਹੇ ਹਨ। ਅੱਜ ਤੋਂ ਪੱਚੀ ਸਾਲ ਪਹਿਲਾਂ ਜਿਹੜੀਆਂ ਚਿੜੀਆਂ, ਘੁੱਗੀਆਂ ਅਤੇ ਗਟਾਰਾਂ ਅਸੀਂ ਆਮ ਵੇਖਿਆ ਕਰਦੇ ਸੀ ਉਹ ਉਹ ਹੁਣ ਬਿਲਕੁਲ ਹੀ ਅਲੋਪ ਹੋ ਗਈਆਂ ਹਨ। ਇਹਨਾਂ ਨੂੰ ਹੁਣ ਅਸੀਂ ਕਿਸੇ ਚਿੜੀਆ ਘਰ ਦੇ ਵਿੱਚ ਹੀ ਵੇਖ ਸਕਦੇ ਹਾਂ।
ਮੁੱਕਦੀ ਗੱਲ ਇਹ ਹੈ ਕੀ ਸਾਨੂੰ ਆਪ ਨੂੰ ਹੀ ਆਪਣੇ ਆਲੇ ਦੁਆਲੇ ਦੇ ਪਰਦੂਸ਼ਿਤ ਹੋ ਰਹੇ ਵਾਤਾਵਰਨ ਦੇ ਵੱਲ ਧਿਆਨ ਦੇਣਾ ਪਵੇਗਾ। ਜਿਵੇ ਪੰਜਾਬ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਥੋਂ ਵਗ ਰਹੀ ਕਾਲੀ ਵੇਈ ਨਦੀ ਦੀ ਸਫਾਈ ਦਾ ਬੀੜਾ ਆਪਣੇ ਕੁਝ ਸਮਰਥਕਾਂ ਨਾਲ਼ ਚੁੱਕਿਆ ਸੀ ਅਤੇ 160 ਕਿਲੋਮੀਟਰ ਲੰਮੀ ਨਦੀ ਨੂੰ ਸਾਫ਼ ਕੀਤਾ ਸੀ। ਜਿਸ ਕਾਰਨ ਸੀਚੇਵਾਲ ਜੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਸਾਨੂੰ ਆਪਣੇ ਘਰਾਂ ਦੇ ਬਾਹਰ ਦੀ ਸਫਾਈ ਦਾ ਆਪ ਧਿਆਨ ਰਖਣਾ ਪੈਣਾ ਹੈ ਸਾਨੂੰ ਸੜਕਾਂ ਅਤੇ ਸੀਵਰੇਜ ਪਾਈਪਾਂ ਵਿਚ ਪਲਾਟਿਕ ਦੇ ਲਿਫਾਫੇ ਵਗੈਰਾ ਨਹੀਂ ਸੁੱਟਣੇ ਚਾਹੀਦੇ, ਕੂੜੇ ਕਰਕਟ ਨੂੰ ਡਸਟਬੀਨਾਂ ਦੇ ਵਿਚ ਢੱਕ ਕੇ ਰੱਖਣਾ ਚਾਹੀਦਾ ਹੈ। ਗੁਰਬਾਣੀ ਦੇ ਵਿੱਚ ਇੱਕ ਸਲੋਕ ਲਿਖਿਆ ਹੋਇਆ ਹੈ।
ਸਲੋਕ।।
ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।। ਬਾਬਾ ਨਾਨਕ ਨੇ ਬਾਣੀ ਵਿੱਚ ਕਿਹਾ ਹੈ ਹਵਾ ਸਾਡੀ ਗੁਰੂ ਹੈ,ਪਾਣੀ ਪਿਤਾ ਤੇ ਧਰਤੀ ਸਾਡੀ ਮਾਤਾ ਹੈ। ਕਿੰਨਾ ਉੱਚਾ ਰੁਤਬਾ ਦਿੱਤਾ ਹੈ ਪਰ ਸਾਡਾ ਇਸ ਪਾਸੇ ਕੋਈ ਧਿਆਨ ਨਹੀਂ, ਅਸੀਂ ਗੁਰਬਾਣੀ ਵਿਚ ਹਰ ਰੋਜ਼ ਪੜ੍ਹ ਜਾਂ ਸੁਣ ਲੈਂਦੇ ਹਾਂ ਪਰ ਧਿਆਨ ਕਦੇ ਨਹੀਂ ਦਿੱਤਾ, ਜਿਸ ਦੇ ਮਾਰੂ ਨਤੀਜੇ ਅਸੀਂ ਭੁਗਤ ਰਹੇ ਹਾਂ।
ਇਸੇ ਤਰ੍ਹਾਂ ਅਸੀਂ ਸਮੂਹ ਅਧਿਆਪਕਾਂ ਨੇ ਮੇਰੇ ਸਕੂਲ ਜੋਗੀਪੁਰ, ਪਟਿਆਲਾ ਵਿਖੇ ਵਿਦਿਆਰਥੀ ਦੀ ਮਦਦ ਨਾਲ ਜਿਸ ਦੇ ਵਿਚ ਅਸੀਂ ਆਪ ਵੀ ਸ਼ਾਮਲ ਹਾ, ਆਪਣੇ ਸਕੂਲ ਵਿੱਚ ਵਧੀਆ ਛਾਂਦਾਰ ਦਰੱਖਤ ਅਤੇ ਫੁੱਲ ਬੂਟੇ ਲਗਾ ਕੇ ਇਸ ਸਕੂਲ ਨੂੰ ਆਪਣੇ ਵਿਦਿਆਰਥੀਆਂ ਦੀ ਮਦਦ ਨਾਲ ਹਰਿਆ-ਭਰਿਆ ਬਣਾ ਰੱਖਿਆ ਹੈ। ਕਿਉਂਕਿ ਅਸੀਂ ਇਹ ਸੋਚਦੇ ਹਾਂ ਕੀ ਜੋ ਅਸੀਂ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਸਿਖਾਵਾਂਗੇ , ਵਿਦਿਆਰਥੀ ਉਸ ਤੋਂ ਹੀ ਸੇਧ ਲੈ ਕੇ ਆਪਣੇ ਆਲੇ ਦੁਆਲੇ ਦੀ ਸਫਾਈ ਅਤੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿਚ ਸਮਾਜ ਦੀ ਸਹਾਇਤਾ ਕਰਨਗੇ। ਸਾਨੂੰ ਵੱਧ ਤੋਂ ਵੱਧ ਆਲੇ ਦੁਆਲੇ ਹਰੇ ਭਰੇ ਛਾਂਦਾਰ ਦਰਖਤ ਲਗਵਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਸੁੱਧ ਰਹਿ ਸਕੇ। ਮਨੁੱਖ ਨੂੰ ਧਰਤੀ ਉੱਪਰ ਆਪਣੀ ਹੋਂਦ ਕਾਇਮ ਰੱਖਣ ਲਈ ਤਕਨੀਕੀ ਵਿਕਾਸ ਨੂੰ ਸਹਿਮਤ ਕਰਨਾ ਪਵੇਗਾ। ਮਨੁੱਖ ਨੂੰ ਵਿਗਿਆਨ ਤੇ ਤਕਨੀਕ ਦੀ ਵਰਤੋਂ ਕਰਦੇ ਸਮੇਂ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕੁਦਰਤ ਸੰਤੁਲਨ ਵਿਗੜਦਾ ਹੋਵੇ ਅਤੇ ਧਰਤੀ ਉਪਰਲਾ ਵਾਤਾਵਰਣ ਪਰਦੂਸ਼ਿਤ ਹੁੰਦਾ ਹੋਵੇ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly