ਥਾਣਾ ਅਜਨਾਲਾ ਨੂੰ ਸ਼ਹਿਰ ਨਾਲ ਲੱਗਦੇ ਸੂਏ ਦੇ ਕੰਢੇ ਤੋਂ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਨੰਗਲ ਤਹਿਸੀਲ ਅਜਨਾਲਾ ਵਜੋਂ ਹੋਈ ਹੈ। ਮ੍ਰਿਤਕ ਦਾ ਬੈਗ, ਮੋਬਾਈਲ ਅਤੇ ਪਰਸ ਗਾਇਬ ਹਨ। ਪੁਲੀਸ ਨੇ ਮ੍ਰਿਤਕ ਦੇ ਭਰਾ ਹਾੜੂ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਅਜਨਾਲਾ ਭੇਜ ਦਿੱਤੀ ਹੈ। ਥਾਣਾ ਅਜਨਾਲਾ ਦੇ ਐਸਐਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਪਿੰਡ ਰਾਏਪੁਰ ਦੇ ਸਰਪੰਚ ਨੇ ਇਤਲਾਹ ਦਿੱਤੀ ਕਿ ਉਨ੍ਹਾਂ ਦੇ ਪਿੰਡ ਨੇੜੇ ਸੂਏ ਦੇ ਕੰਢੇ ਨੌਜਵਾਨ ਮਰਿਆ ਪਿਆ ਹੈ, ਜਦੋਂ ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਤਾਂ ਮ੍ਰਿਤਕ ਦੀ ਪਛਾਣ ਦੀਪ ਸਿੰਘ (27) ਵਾਸੀ ਨੰਗਲ ਵਜੋਂ ਹੋਈ। ਮ੍ਰਿਤਕ ਦੇ ਭਰਾ ਹਾੜੂ ਨੇ ਦੱਸਿਆ ਕਿ ਦੀਪ ਸਿੰਘ ਨੂੰ ਉਹ ਬੀਤੇ ਦਿਨ ਅਜਨਾਲਾ ਦੇ ਬੱਸ ਅੱਡੇ ’ਤੇ ਛੱਡ ਕੇ ਗਿਆ ਸੀ ਕਿਉਂਕਿ ਦੀਪ ਸਿੰਘ ਨੇ ਅੱਜ ਮੁੰਬਈ ਜਾਣਾ ਸੀ ਕਿਉਂਕਿ ਉਹ ਉਥੇ ਸਮੁੰਦਰ ਰਾਹੀਂ ਢੋਆ ਢੁਆਈ ਕਰਨ ਵਾਲੇ ਜਹਾਜ਼ਾਂ ਵਿਚੋਂ ਮਾਲ ਉਤਾਰਨ ਚੜ੍ਹਾਉਣ ਦਾ ਕੰਮ ਕਰਦਾ ਹੈ। ਐਸਐਚਓ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਨਸ਼ੇੜੀ ਸੀ ਅਤੇ ਬੱਸ ਅੱਡੇ ‘ਚੋਂ ਹੀ ਉਸ ਨੂੰ ਕੋਈ ਆਦਮੀ ਨਸ਼ਾ ਕਰਨ ਲਈ ਲੈ ਗਿਆ। ਨਸ਼ਾ ਵੱਧ ਹੋਣ ਕਾਰਨ ਦੀਪ ਸਿੰਘ ਦੀ ਮੌਤ ਹੋਈ ਲੱਗਦੀ ਹੈ। ਦੀਪ ਨੂੰ ਉਥੇ ਸੁੱਟ ਕੇ ਦੂਜਾ ਸਾਥੀ ਫਰਾਰ ਹੋ ਗਿਆ।
INDIA ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ