ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਈਟ ਦਾ ਮੰਨਣਾ ਹੈ ਕਿ ਕਰਾਈਸਟ ਚਰਚ ਦੀਆਂ ਦੋ ਮਸਜਿਦਾਂ ਦੇ ਵਿੱਚ ਹੋਈ ਗੋਲਾਬਾਰੀ ਦੇ ਕਾਰਨ ਨਿਊਜ਼ੀਲੈਂਡ ਅਤੇ ਹੋਰ ਸਥਾਂਨਾਂ ਉੱਤੇ ਖੇਡਾਂ ਦੀ ਮੇਜ਼ਬਾਨੀ ਦੇ ਦੂਰਰਸ ਨਤੀਜੇ ਨਿਕਲਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਨੇ ਨਿਊਜ਼ੀਲੈਂਡ ਸੁਰੱਖਿਅਤ ਸਥਾਨ ਹੋਣ ਦੀ ਛਵੀ ਵੀ ਵਿਗਾੜ ਦਿੱਤੀ ਹੈ। ਇਨ੍ਹਾਂ ਹਮਲਿਆਂ ਦੇ ਵਿੱਚ ਬੰਗਲਾਦੇਸ਼ ਦੀ ਟੀਮ ਵਾਲ ਵਾਲ ਬਚ ਗਈ ਅਤੇ ਹਮਲਿਆਂ ਬਾਅਦ ਲੜੀ ਵਿਚਾਲੇ ਹੀ ਬੰਦ ਕਰ ਦਿੱਤੀ ਗਈ ਅਤੇ ਬੰਗਲਾਦੇਸ਼ ਦੇ ਖਿਡਾਰੀ ਦੌਰਾ ਵਿਚਾਲੇ ਛੱਡ ਕੇ ਦੇਸ਼ ਲਈ ਰਵਾਨਾ ਹੋ ਗਏ ਹਨ।
ਵਾਈਟ ਅਨੁਸਾਰ ਇਹ ਹਮਲਾ ਅਣਕਿਆਸਿਆ ਤੇ ਹੈਰਾਨੀਜਨਕ ਹੈ ਤੇ ਇਸ ਦੇ ਨਾਲ ਅੰਤਰਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਦਾ ਦ੍ਰਿਸ਼ ਹੀ ਬਦਲ ਜਾਵੇਗਾ। ਉਨ੍ਹਾਂ ਕਿਹਾ,‘ ਮੈਨੂੰ ਲੱਗਦਾ ਹੈ ਕਿ ਹੁਣ ਹਰ ਚੀਜ਼ ਬਦਲ ਜਾਵੇਗੀ। ਹੁਣ ਇਹ ਸੋਚ ਖਤਮ ਹੋ ਗਈ ਹੈ ਕਿ ਨਿਊਜ਼ੀਲੈਂਡ ਸੁਰੱਖਿਅਤ ਮੁਲਕ ਹੈ। ਇਸ ਹਮਲੇ ਬਾਅਦ ਦੇਸ਼ ਸੁਰੱਖਿਆ ਪ੍ਰਬੰਧਾਂ ਨੂੰ ਵਧੇਰੇ ਨਵੇਂ ਸਿਰੇ ਤੋਂ ਵਿਊਂਤੇਗਾ। ਹੁਣ ਸਾਨੂੰ ਸਾਰੇ ਖੇਡ ਅਧਿਕਾਰੀਆਂ ਤੇ ਖੇਡ ਸੰਗਠਨਾਂ ਨੂੰ ਬਹੁਤ ਹੀ ਸਾਵਧਾਨ ਰਹਿਣਾ ਪਵੇਗਾ।
ਇਸ ਦੌਰਾਨ ਹੀ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਸ੍ਰੇਣੀ ਦੀ ਘਰੇਲੂ ਕਿ੍ਕਟ ਚੈਂਪੀਅਨ ਟੀਮ ਪਲੰਕੇਟ ਸ਼ੀਲਡ ਨੇ ਕਰਾਈਸਟਚਰਚ ਵਿੱਚ ਮਸਜਿਦਾਂ ਉੱਤੇ ਅਤਿਵਾਦੀ ਹਮਲੇ ਤੋਂ ਬਾਅਦ ਇੱਕ ਗੇੜ ਨਾ ਖੇਡਣ ਦਾ ਫੈਸਲਾ ਕੀਤਾ ਹੈ।
ਨਿਊਜ਼ੀਲੈਂਡ ਹੈਰਾਲਡ ਦੀ ਰਿਪੋਰਟ ਦੇ ਅਨੁਸਾਰ ਸੈਂਟਰਲ ਡਿਸਟ੍ਰਿਕਟਸ ਨੂੰ ਅਗਲੇ ਹਫਤੇ ਹੇਮਿਲਟਨ ਦੇ ਸੇਡਨ ਪਾਰਕ ਵਿੱਚ ਟਰਾਫੀ ਪੇਸ਼ ਕੀਤੀ ਜਾਵੇਗੀ ਕਿਉਂਕਿ ਇੱਕ ਹੋਰ ਦਾਅਵੇਦਾਰ ਟੀਮ ਕੈਂਟਰਬਰੀ ਨੇ ਸੈਸ਼ਨ ਦੇ ਆਖਰੀ ਮੈਚ ਨੂੰ ਨਾ ਖੇਡਣ ਦਾ ਫੈਸਲਾ ਕਰ ਲਿਆ ਹੈ। ਕੈਂਟਰਬਰੀ ਦਾ ਆਖਰੀ ਮੈਚ ਜੋ ਚਾਰ ਰੋੋਜ਼ਾ ਸੀ ਵੈਲਿੰਗਟਨ ਦੇ ਬੇਸਿਨ ਰਿਜ਼ਰਵ ਵਿੱਚ ਹੋਣਾ ਸੀ।
ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਰੇਮੀ ਕੁਰਬਿਨ ਨੇ ਕਿਹਾ,‘ ਟੀਮ ਦੇ ਫੈਸਲੇ ਵਿੱਚ ਇੱਕਜੁੱਟਤਾ ਦਿਖੀ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਨਾਲ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕ ਪ੍ਰਭਾਵਿਤ ਹੋਣਗੇ। ਲੋਕਾਂ ਦੇ ਮਨਾਂ ਵਿਚੋਂ ਦਹਿਸ਼ਤ ਦਾ ਖੌਫ ਜਾਣ ਲਈ ਸਮਾਂ ਲੱਗੇਗਾ ਤੇ ਹੌਲੀ ਹੌਲੀ ਜ਼ਖ਼ਮ ਭਰਨਗੇ। ਉ੍ਹਨਾਂ ਕਿਹਾ ਕਿ ਕੈਂਟਰਬਰੀ ਦੇ ਪ੍ਰਬੰਧਕ ਖਿਡਾਰੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ। ਇਸ ਦੌਰਾਨ ਹੀ ਡੁਨੇਡਿਨ ਦੇ ਕਰੂਸੇਡਰਜ਼ ਅਤੇ ਹਾਈਲੈਂਡਰਜ਼ ਵਿਚਕਾਰ ਸੁਪਰ ਰਗਬੀ ਮੈਚ ਵੀ ਰੱਦ ਕਰ ਦਿੱਤਾ ਗਿਆ ਹੈ। ਇੱਕ ਤਰ੍ਹਾਂ ਦੇ ਨਾਲ ਸ਼ਸ਼ਹਿਰ ਦੀ ਹਰ ਖੇਡ ਗਤੀਵਿਧੀ ਬੰਦ ਹੈ।
Sports ਹਮਲੇ ਬਾਅਦ ਅੰਤਰਰਾਸ਼ਟਰੀ ਖੇਡਾਂ ਦਾ ਦ੍ਰਿਸ਼ ਬਦਲ ਜਾਵੇਗਾ: ਵਾਈਟ