ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਅੱਜ ਬਹੁਜਨ ਸਮਾਜਵਾਦੀ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦੀ ਭੈਣ ਨਾਲ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਲੋਕ ਸਭਾ ਚੋਣਾਂ ’ਚ ਮੋਦੀ ਖ਼ਿਲਾਫ਼ ਵਾਰਾਣਸੀ ਤੋਂ ਚੋਣ ਲੜਨਗੇ। ਆਜ਼ਾਦ ਦੇ ਇਸ ਐਲਾਨ ਨਾਲ ਉੱਤਰ ਪ੍ਰਦੇਸ਼ ’ਚ ਸਪਾ-ਬਸਪਾ ਗੱਠਜੋੜ ਲਈ ਪ੍ਰੇਸ਼ਾਨੀ ਬਣਨ ਦੇ ਆਸਾਰ ਹਨ। ਯੂਪੀ ’ਚ ਦਲਿਤਾਂ ਨੂੰ ਲਾਮਬੱਧ ਕਰਨ ’ਚ ਲੱਗੇ ਭੀਮ ਆਰਮੀ ਦੇ ਮੁਖੀ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਜਿੱਥੇ ਵੀ ਲੋੜ ਹੋਈ ਭਾਜਪਾ ਖ਼ਿਲਾਫ਼ ਮਜ਼ਬੂਤ ਉਮੀਦਵਾਰ ਮੈਦਾਨ ’ਚ ਉਤਾਰਨਗੇ। ਬਸਪਾ ਦੇ ਬਾਨੀ ਕਾਂਸ਼ੀ ਰਾਮ ਦੀ 85ਵੀਂ ਵਰ੍ਹੇਗੰਢ ਮੌਕੇ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਚੰਦਰਸ਼ੇਖਰ ਨੇ ਕਿਹਾ ਕਿ ਉਹ ਭਰੋਸਾ ਦਿੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਵਾਰਾਣਸੀ ਤੋਂ ਲੋਕ ਸਭਾ ਮੈਂਬਰ ਨਹੀਂ ਚੁਣੇ ਜਾਣਗੇ। ਉਨ੍ਹਾਂ ਕਿਹਾ, ‘ਸੰਵਿਧਾਨ ਤੇ ਦਲਿਤਾਂ ਦੇ ਹੱਕਾਂ ਦੀ ਰਾਖੀ ਲਈ ਮੈਂ ਵਾਰਾਣਸੀ ’ਚ ਮੋਦੀ ਨੂੰ ਚੁਣੌਤੀ ਦਿੰਦਾ ਹਾਂ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਦੋਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਵਾਰਾਣਸੀ ਤੋਂ ਚੁਣੌਤੀ ਮਿਲਣ ਵਾਲੀ ਹੈ, ਉਦੋਂ ਤੋਂ ਉਨ੍ਹਾਂ ਅਲਾਹਾਬਾਦ ’ਚ ਸਫ਼ਾਈ ਕਾਮਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਜਨਰਲ ਵਰਗ ਦੇ ਆਰਥਿਕ ਪੱਖੋਂ ਪੱਛੜੇ ਤਬਕੇ ਨੂੰ 10 ਫੀਸਦ ਰਾਖਵਾਂਕਰਨ ਦੇ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਅਤੇ ਭਾਜਪਾ ਦੇ ਹਿੱਤਾਂ ਨੂੰ ਧਿਆਨ ’ਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਪਾ-ਬਸਪਾ ਗੱਠਜੋੜ ਨੂੰ ਕਾਂਸੀ ਰਾਮ ਦੀ ਭੈਣ ਸਵਰਨ ਕੌਰ ਨੂੰ ਸੰਸਦ ਭਵਨ ਭੇਜਣਾ ਚਾਹੀਦਾ ਹੈ।